ਹਲਕਾ ਲੁਧਿਆਣਾ (ਉੱਤਰੀ) ਵਿੱਚ 'ਸਿਹਤ ਸੁਰੱਖਿਆ ਅਭਿਆਨ' ਦੀ ਸ਼ੁਰੂਆਤ ਦੌਰਾਨ ਸਫਾਈ ਕਰਮਚਾਰੀਆਂ ਨੂੰ ਸੁਰੱਖਿਆ ਕਿੱਟ ਅਤੇ ਬੀਮਾ ਪਾਲਸੀ ਵੰਡਦੇ ਵਿਧਾਇਕ ਰਾਕੇਸ਼ ਪਾਂਡੇ |
ਲੁਧਿਆਣਾ, 01 ਸਤੰਬਰ 2017 (ਆਨਲਾਈਨ ਨਿਊਜ਼ ਲੁਧਿਆਣਾ): ਹਲਕਾ ਵਿਧਾਇਕ ਰਾਕੇਸ਼ ਪਾਂਡੇ ਦੇ ਦਿਸ਼ਾ ਨਿਰਦੇਸ਼ਾਂ ਅਤੇ ਅਗਵਾਈ ਵਿੱਚ ਵਿਧਾਨ ਸਭਾ ਹਲਕਾ ਲੁਧਿਆਣਾ (ਉੱਤਰੀ) ਵਿੱਚ 'ਸਿਹਤ ਸੁਰੱਖਿਆ ਅਭਿਆਨ' ਦੀ ਸ਼ੁਰੂਆਤ ਕੀਤੀ ਗਈ। ਇਸ ਅਭਿਆਨ ਤਹਿਤ ਕੱਚੇ ਸਫਾਈ ਕਰਮਚਾਰੀਆਂ ਨੂੰ ਉਨਾਂ ਦੇ ਨਿੱਤ ਦਿਨ ਦਾ ਸਾਜੋ-ਸਮਾਨ (ਸੁਰੱਖਿਆ ਕਿੱਟਾਂ) ਅਤੇ ਬੀਮਾ ਪਾਲਸੀਆਂ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ।
ਇਸ ਅਭਿਆਨ ਦਾ ਅੱਜ ਸਥਾਨਕ ਵਾਰਡ ਨੰਬਰ-29 ਦੇ ਸ਼ਿਵ ਮੰਦਿਰ ਚੌਕ ਤੋਂ ਆਰੰਭ ਕਰਦਿਆਂ ਵਿਧਾਇਕ ਰਾਕੇਸ਼ ਪਾਂਡੇ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਲੋਕਾਂ ਨੂੰ ਚੋਣਾਂ ਵਿੱਚ ਕੀਤੇ ਵਾਅਦੇ ਤਹਿਤ 'ਸਿਹਤਮੰਦ ਪੰਜਾਬ, ਸਾਫ਼ ਸੁਥਰਾ ਪੰਜਾਬ' ਦੇਣ ਲਈ ਦ੍ਰਿੜ ਸੰਕਲਪ ਹੈ। ਹਰ ਵਰਗ ਦੇ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਹੀ ਹਲਕਾ ਲੁਧਿਆਣਾ (ਉੱਤਰੀ) ਵਿੱਚ ਇਹ ਸ਼ੁਰੂਆਤ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਅਭਿਆਨ ਤਹਿਤ ਵਾਰਡ-29 ਦੇ ਸਾਰੇ ਕੱਚੇ ਸਫਾਈ ਕਰਮਚਾਰੀਆਂ ਨੂੰ ਸੁਰੱਖਿਆ ਕਿੱਟ ਅਤੇ ਬੀਮਾ ਪਾਲਸੀ ਮੁਹੱਈਆ ਕਰਵਾਈ ਜਾਵੇਗੀ ਅਤੇ ਇਸ ਤੋਂ ਬਾਅਦ ਇਸ ਅਭਿਆਨ ਦਾ ਦਾਇਰਾ ਪੂਰੇ ਲੁਧਿਆਣਾ (ਉੱਤਰੀ) ਵਿਧਾਨ ਸਭਾ ਹਲਕੇ ਅਤੇ ਸ਼ਹਿਰ ਵਿੱਚ ਵਧਾਇਆ ਜਾਵੇਗਾ।
ਉਨਾਂ ਦੱਸਿਆ ਕਿ ਕੱਚੇ ਮੁਲਾਜ਼ਮ ਨੂੰ ਮਿਲਣ ਵਾਲੀ ਸੁਰੱਖਿਆ ਕਿੱਟ ਵਿੱਚ ਦਸਤਾਨੇ, ਮੂੰਹ ਢਕਣ ਵਾਲਾ ਕਵਰ (ਫੇਸ ਮਾਸਕ), ਜੁੱਤੇ, ਸਾਬਣ (ਡਿਟੋਲ), ਟੀ-ਸ਼ਰਟ ਅਤੇ ਰੇਡੀਅਮ ਦੀ ਜੈਕਟ ਸ਼ਾਮਿਲ ਹੈ। ਇਸ ਤੋਂ ਇਲਾਵਾ ਇਨਾਂ ਮੁਲਾਜ਼ਮਾਂ ਦੀ 2-2 ਲੱਖ ਦੀ ਐਕਸੀਡੈਂਟਲ ਡੈੱਥ ਇੰਸ਼ੋਰੈਂਸ ਅਤੇ 1-1 ਲੱਖ ਰੁਪਏ ਦੀ ਐਕਸੀਡੈਂਟਲ ਹੌਸਪੀਟਲਾਈਜੇਸ਼ਨ ਇੰਸ਼ੋਰੈਂਸ ਕਰਵਾਈ ਜਾਵੇਗੀ। ਇਹ ਇੰਸ਼ੋਰੈਂਸ ਨਿਊ ਇੰਡੀਆ ਇੰਸ਼ੋਰੈਂਸ ਕੰਪਨੀ ਵੱਲੋਂ ਕਰਵਾਈ ਗਈ ਹੈ। ਉਨਾਂ ਇਸ ਉਪਰਾਲੇ ਲਈ ਸੀਨੀਅਰ ਕਾਂਗਰਸੀ ਆਗੂ ਸੋਨੀ ਬਖ਼ਸ਼ੀ ਅਤੇ ਗੈਰ ਸਰਕਾਰੀ ਸੰਸਥਾ 'ਸਹਾਇਕ' ਦੀ ਸ਼ਲਾਘਾ ਕੀਤੀ ਅਤੇ ਭਰੋਸਾ ਪ੍ਰਗਟਾਇਆ ਕਿ ਇਹ ਅਭਿਆਨ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਦੇ ਸਹਿਯੋਗ ਨਾਲ ਬਾਖ਼ੂਬੀ ਪੂਰਾ ਕੀਤਾ ਜਾਵੇਗਾ।
ਇਥੇ ਇਹ ਦੱਸਣਯੋਗ ਹੈ ਕਿ ਸੋਨੀ ਬਖ਼ਸ਼ੀ ਅਤੇ ਉਨਾਂ ਦੇ ਸਾਥੀਆਂ ਵੱਲੋਂ ਪਿਛਲੇ ਸਮੇਂ ਦੌਰਾਨ ਹਲਕਾ ਲੁਧਿਆਣਾ (ਉੱਤਰੀ) ਵਿੱਚ ਪੰਜਾਬ ਸਰਕਾਰ ਦੇ ਹੁਕਮ 'ਤੇ 10 ਰੁਪਏ ਦੀ ਖਾਣਾ ਥਾਲੀ ਦੀ ਸ਼ੁਰੂਆਤ ਕਰਾਉਣ ਦੇ ਨਾਲ-ਨਾਲ 'ਸਵੱਛ ਪਾਠਸ਼ਾਲਾ ਅਭਿਆਨ' ਤਹਿਤ ਸਰਕਾਰੀ ਸਕੂਲਾਂ ਵਿੱਚ ਸਵੱਛ ਪਖ਼ਾਨੇ ਬਣਾਉਣ ਦੇ ਕਾਰਜ ਦੀ ਸ਼ੁਰੂਆਤ ਕੀਤੀ ਹੋਈ ਹੈ। ਜਿਸ ਵਿੱਚ ਲੋਕਾਂ ਵੱਲੋਂ ਭਾਰੀ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਵਿਧਾਇਕ ਪਾਂਡੇ ਨੇ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੇ ਹਿੱਤ ਵਿੱਚ ਕੀਤੇ ਜਾ ਰਹੇ ਕਾਰਜਾਂ ਅਤੇ ਲਾਗੂ ਕੀਤੀਆਂ ਜਾ ਰਹੀਆਂ ਯੋਜਨਾਵਾਂ ਦਾ ਵੀ ਵੇਰਵਾ ਪੇਸ਼ ਕੀਤਾ। ਇਸ ਮੌਕੇ ਓਹਨਾ ਨਾਲ ਵਧੀਕ ਕਮਿਸ਼ਨਰ ਨਗਰ ਨਿਗਮ ਰਿਸ਼ੀਪਾਲ ਸਿੰਘ, ਸੀਨੀਅਰ ਯੂਥ ਕਾਂਗਰਸੀ ਆਗੂ ਦੁਸ਼ਯੰਤ ਪਾਂਡੇ ਅਤੇ ਹੋਰ ਕਈ ਪ੍ਰਮੁੱਖ ਹਸਤੀਆਂ ਤੇ ਇਲਾਕੇ ਦੇ ਲੋਕ ਹਾਜ਼ਰ ਸਨ।