ਸਰਕਾਰੀ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਦੌਰਾਨ ਚੈਕਿੰਗ ਟੀਮ ਅਧਿਕਾਰੀ ਪੁੱਛ-ਗਿੱਛ ਕਰਦੇ ਹੋਏ |
ਲੁਧਿਆਣਾ, 03 ਅਗਸਤ 2017 (ਆਨਲਾਈਨ ਨਿਊਜ਼ ਲੁਧਿਆਣਾ): ਹੁਣ ਬਾਅਦ ਦੁਪਹਿਰ ਸਰਕਾਰੀ ਦਫ਼ਤਰਾਂ ਤੋਂ ਫਰਲੋ ਮਾਰ ਕੇ ਆਰਾਮ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਦੀ ਵੀ ਖ਼ੈਰ ਨਹੀਂ ਹੈ। ਕਿਉਂਕਿ ਸਰਕਾਰੀ ਦਫ਼ਤਰਾਂ 'ਚ ਸਮੇਂ ਦੀ ਪਾਬੰਦੀ ਅਤੇ ਅਨੁਸ਼ਾਸਨ ਨੂੰ ਬਹਾਲ ਰੱਖਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਨੇ ਆਦੇਸ਼ ਦਿੱਤੇ ਹਨ ਕਿ ਭਵਿੱਖ ਵਿੱਚ ਸਵੇਰ ਸਮੇਂ ਦੇ ਨਾਲ-ਨਾਲ ਬਾਅਦ ਦੁਪਹਿਰ ਵੀ ਸਰਕਾਰੀ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਹੋਇਆ ਕਰੇਗੀ।
ਇਸੇ ਆਦੇਸ਼ ਤਹਿਤ ਅੱਜ ਬਾਅਦ ਦੁਪਹਿਰ 3.30 ਵਜੇ ਡਿਪਟੀ ਕਮਿਸ਼ਨਰ ਵੱਲੋਂ ਬਣਾਈਆਂ 14 ਵੱਖ-ਵੱਖ ਟੀਮਾਂ ਵੱਲੋਂ ਇਕੋ ਸਮੇਂ ਸ਼ਹਿਰ ਵਿੱਚ ਪੈਂਦੇ ਵੱਖ-ਵੱਖ ਸਰਕਾਰੀ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਜਿਸ ਦੌਰਾਨ 8 ਅਧਿਕਾਰੀ/ਕਰਮਚਾਰੀ ਡਿਊਟੀ ਤੋਂ ਗੈਰ ਹਾਜ਼ਰ ਜਾਂ ਫਰਲੋਂ 'ਤੇ ਪਾਏ ਗਏ। ਜਿਨਾਂ ਵਿੱਚ ਜ਼ਿਲਾ ਖਜ਼ਾਨਾ ਅਫ਼ਸਰ, ਕਾਰਜਕਾਰੀ ਇੰਜੀਨੀਅਰ ਪ੍ਰੋਵਿੰਸ਼ੀਅਲ ਡਵੀਜ਼ਨ, ਐੱਸ. ਡੀ. ਓ. ਪ੍ਰੋਵਿੰਸ਼ੀਅਲ ਡਵੀਜ਼ਨ ਅਤੇ ਨਿਗਰਾਨ ਇੰਜੀਨੀਅਰ ਨੈਸ਼ਨਲ ਹਾਈਵੇ ਲੁਧਿਆਣਾ ਦਫ਼ਤਰ ਤੋਂ 2-2 ਅਧਿਕਾਰੀ/ਕਰਮਚਾਰੀ ਸ਼ਾਮਿਲ ਸਨ।
ਇਸ ਤੋਂ ਇਲਾਵਾ ਜ਼ਿਲਾ ਨਗਰ ਯੋਜਨਾਕਾਰ ਦਫ਼ਤਰ ਅਤੇ ਡਵੀਜ਼ਨਲ ਭੂਮੀ ਰੱਖਿਆ ਦਫ਼ਤਰ ਤੋਂ 2-2 ਅਤੇ ਨਿਗਰਾਨ ਇੰਜੀਨੀਅਰ ਨੈਸ਼ਨਲ ਹਾਈਵੇ ਲੁਧਿਆਣਾ, ਮੁੱਖ ਖੇਤੀਬਾੜੀ ਅਫ਼ਸਰ ਅਤੇ ਸਕੱਤਰ ਜ਼ਿਲਾ ਪ੍ਰੀਸ਼ਦ ਦਫ਼ਤਰ ਤੋਂ 1-1 ਅਧਿਕਾਰੀ/ਕਰਮਚਾਰੀ ਬਾਅਦ ਦੁਪਹਿਰ ਛੁੱਟੀ 'ਤੇ ਪਾਏ ਗਏ। ਇਨਾਂ ਚੈਕਿੰਗ ਟੀਮਾਂ ਦੀ ਅਗਵਾਈ ਵਧੀਕ ਡਿਪਟੀ ਕਮਿਸ਼ਨਰ (ਜਨਰਲ), ਉਪ ਮੰਡਲ ਮੈਜਿਸਟ੍ਰੇਟ (ਲੁਧਿਆਣਾ ਪੂਰਬੀ, ਪੱਛਮੀ), ਜ਼ਿਲਾ ਟਰਾਂਸਪੋਰਟ ਅਫ਼ਸਰ, ਸੰਯੁਕਤ ਕਮਿਸ਼ਨਰਾਂ ਨਗਰ ਨਿਗਮ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਨੇ ਕੀਤੀ, ਜਿਨਾਂ ਵੱਲੋਂ ਸ਼ਹਿਰ ਅੰਦਰ 14 ਸਰਕਾਰੀ ਦਫ਼ਤਰਾਂ ਦੀ ਚੈਕਿੰਗ ਕੀਤੀ ਗਈ।
ਇਸ ਦੌਰਾਨ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਦਫ਼ਤਰਾਂ 'ਚ ਸਮੇਂ ਦੀ ਪਾਬੰਦੀ ਅਤੇ ਅਨੁਸ਼ਾਸਨ ਨੂੰ ਕਾਇਮ ਰੱਖਣ ਸਬੰਧੀ ਜਾਰੀ ਹਦਾਇਤਾਂ ਅਨੁਸਾਰ ਅੱਜ ਇਹ ਚੈਕਿੰਗ ਕੀਤੀ ਗਈ ਹੈ ਤਾਂ ਜੋ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਅਤੇ ਨਾਗਰਿਕ ਸੇਵਾਵਾਂ ਨੂੰ ਅਸਰਦਾਰ ਤਰੀਕੇ ਨਾਲ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਇਆ ਜਾ ਸਕੇ। ਉਨਾਂ ਕਿਹਾ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਸ਼ੁਰੂ ਕੀਤੀ ਗਈ ਵਿਸ਼ੇਸ਼ ਚੈਕਿੰਗ ਮੁਹਿੰਮ ਦੇ ਸਾਰਥਿਕ ਨਤੀਜੇ ਸਾਹਮਣੇ ਆ ਰਹੇ ਹਨ। ਉਨਾਂ ਕਿਹਾ ਪਹਿਲੇ ਦਿਨ ਕੀਤੀ ਚੈਕਿੰਗ ਦੌਰਾਨ ਗੈਰ ਹਾਜ਼ਰਾਂ ਦੀ ਗਿਣਤੀ ਜਿਆਦਾ ਸੀ, ਜੋ ਕਿ ਹਰੇਕ ਚੈਕਿੰਗ ਦੌਰਾਨ ਘਟ ਰਹੀ ਹੈ, ਜੋ ਕਿ ਇੱਕ ਚੰਗਾ ਸੰਕੇਤ ਹੈ। ਗੈਰ ਹਾਜ਼ਰ ਪਾਏ ਗਏ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਉਂਦੇ ਸਮੇਂ ਵਿਚ ਸਰਕਾਰੀ ਦਫ਼ਤਰਾਂ ਦੀ ਅਚਨਚੇਤੀ ਚੈਕਿੰਗ ਜਾਰੀ ਰੱਖੀ ਜਾਵੇਗੀ। ਜ਼ਿਲੇ ਅੰਦਰ ਸਰਕਾਰੀ ਦਫ਼ਤਰਾਂ ਅੰਦਰ ਡਿਊਟੀ ਸਬੰਧੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸਰਕਾਰੀ ਦਫ਼ਤਰਾਂ ਦੀ ਅਚਨਚੇਚ ਚੈਕਿੰਗ ਕੀਤੀ ਜਾ ਰਹੀ ਹੈ, ਜਿਸ ਦੌਰਾਨ ਹੁਣ ਤੱਕ ਸੈਂਕੜੇ ਅਧਿਕਾਰੀ/ਕਰਮਚਾਰੀ ਗੈਰ ਹਾਜ਼ਰ ਜਾਂ ਲੇਟ ਲਤੀਫ਼ ਪਾਏ ਗਏ ਸਨ ਪਰ ਅੱਜ ਬਾਅਦ ਦੁਪਹਿਰ ਕੀਤੀ ਚੈਕਿੰਗ ਦੌਰਾਨ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਵਿੱਚ ਇਹ ਸੁਨੇਹਾ ਗਿਆ ਹੈ ਕਿ ਹੁਣ ਉਹ ਦਫ਼ਤਰੀ ਸਮੇਂ 5 ਵਜੇ ਤੋਂ ਪਹਿਲਾਂ ਵੀ ਦਫ਼ਤਰ ਤੋਂ ਨਹੀਂ ਜਾ ਸਕਣਗੇ।