ਸਥਾਨਕ ਸਰਕਾਰੀ ਕਾਲਜ ਲੜਕੀਆਂ ਵਿਖੇ ਵਾਤਾਵਰਨ ਦਿਵਸ ਸੰਬੰਧੀ ਰੱਖੇ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ |
ਲੁਧਿਆਣਾ, 17 ਅਗਸਤ 2017 (ਆਨਲਾਈਨ ਨਿਊਜ਼ ਲੁਧਿਆਣਾ): ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਅਤੇ ਕਾਰਕੁੰਨਾਂ ਨੂੰ ਨਸੀਹਤ ਦਿੱਤੀ ਹੈ ਕਿ ਉਹ ਹੁਣ ਆਪਣੀਆਂ ਗੁੰਡਾਗਰਦੀ ਵਾਲੀਆਂ ਪੁਰਾਣੀਆਂ ਆਦਤਾਂ ਨੂੰ ਬਦਲ ਲੈਣ, ਨਹੀਂ ਤਾਂ ਉਹ ਕਾਨੂੰਨ ਦੀ ਸਖ਼ਤੀ ਤੋਂ ਬਚ ਨਹੀਂ ਸਕਣਗੇ ਅਤੇ ਉਨਾਂ ਨੂੰ ਆਪਣੀ ਕਰਨੀ ਦੀ ਸਜ਼ਾ ਮਿਲ ਕੇ ਹੀ ਰਹੇਗੀ। ਬੀਤੇ ਦਿਨੀਂ ਅਕਾਲੀ ਆਗੂਆਂ ਵੱਲੋਂ ਪੁਲਿਸ ਥਾਣਾ ਚੋਹਲਾ ਸਾਹਿਬ ਵਿਖੇ ਕਤਲ ਕੇਸ ਵਿੱਚ ਨਾਮਜ਼ਦ ਕਥਿਤ ਦੋਸ਼ੀਆਂ ਨੂੰ ਜਬਰੀ ਛੁਡਵਾ ਕੇ ਲਿਜਾਣ ਦੀ ਘਟਨਾ ਨੂੰ ਮੰਦਭਾਗਾ ਦੱਸਦਿਆਂ ਉਨਾਂ ਕਿਹਾ ਕਿ ਅਕਾਲੀ ਆਗੂਆਂ ਨੂੰ ਪਿਛਲੇ ਸਮੇਂ ਦੌਰਾਨ ਹਰੇਕ ਕੰਮ ਵਿੱਚ ਗੁੰਡਾਗਰਦੀ ਕਰਨ ਦੀਆਂ ਮਾੜੀਆਂ ਆਦਤਾਂ ਪੈ ਗਈਆਂ ਸਨ, ਜੋ ਕਿ ਹੁਣ ਛੱਡੀਆਂ ਨਹੀਂ ਜਾ ਰਹੀਆਂ ਹਨ।
ਉਨਾਂ ਸਾਹਿਤਕ ਸਤਰਾਂ ''ਵਾਰਿਸ਼ ਸ਼ਾਹ ਨਾ ਆਦਤਾਂ ਜਾਂਦੀਆਂ, ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ'' ਦਾ ਹਵਾਲਾ ਦਿੰਦਿਆਂ ਕਿਹਾ ਕਿ ਅਕਾਲੀ ਆਗੂਆਂ ਨੂੰ ਸ਼ਾਇਦ ਇਹ ਅਹਿਸਾਸ ਕਰਨ ਵਿੱਚ ਮੁਸ਼ਕਿਲ ਪੇਸ਼ ਹੋ ਰਹੀ ਹੈ ਕਿ ਹੁਣ ਪੰਜਾਬ ਵਿੱਚ ਉਨਾਂ ਦੇ ਡੰਡੇ ਦਾ ਜ਼ੋਰ ਨਹੀਂ ਸਗੋਂ ਲੋਕਾਂ ਵੱਲੋਂ ਚੁਣੀ ਸਰਕਾਰ ਅਤੇ ਕਾਨੂੰਨ ਦਾ ਰਾਜ ਹੈ। ਅਕਾਲੀ ਆਗੂਆਂ ਨੂੰ ਪਿਛਲੇ 10 ਸਾਲਾਂ ਦੌਰਾਨ ਪੰਜਾਬ ਵਿੱਚ ਹਰੇਕ ਵਰਗ ਦੇ ਲੋਕਾਂ ਨਾਲ ਕੀਤੀਆਂ ਵਧੀਕੀਆਂ ਦੀ ਆਦਤ ਹਾਲੇ ਵੀ ਪਈ ਹੋਈ ਹੈ, ਜੋ ਕਿ ਗਲਤ ਹੈ। ਅਕਾਲੀ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਸਮਾਂ ਰਹਿੰਦੇ ਆਪਣੀਆਂ ਆਦਤਾਂ ਬਦਲ ਲੈਣ ਨਹੀਂ ਤਾਂ ਕਾਨੂੰਨ ਆਪਣੀ ਸਖ਼ਤੀ ਨਾਲ ਇਨਾਂ ਨੂੰ ਸਿੱਧੇ ਕਰਨਾ ਚੰਗੀ ਤਰਾਂ ਜਾਣਦਾ ਹੈ। ਉਨਾਂ ਉਮੀਦ ਜਤਾਈ ਕਿ ਜਲਦ ਹੀ ਅਜਿਹੇ ਸਾਰੇ ਅਕਾਲੀ ਆਗੂਆਂ ਦੀ ਅਕਲ ਟਿਕਾਣੇ ਆ ਜਾਵੇਗੀ।
ਸਥਾਨਕ ਸਰਕਾਰੀ ਕਾਲਜ (ਲੜਕੀਆਂ) ਵਿਖੇ ਵਾਤਾਵਰਨ ਦਿਵਸ ਸੰਬੰਧੀ ਰੱਖੇ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਨਾਂ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੀ ਮੌਜੂਦਾ ਆਰਥਿਕ ਸਥਿਤੀ ਨੂੰ ਉੱਪਰ ਚੁੱਕਣ ਲਈ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ। ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਿੱਤ ਦਿਨ ਵਧਦੀਆਂ ਤੇਲ ਦੀਆਂ ਕੀਮਤਾਂ ਨੂੰ ਨੱਥ ਪਾਉਣ ਲਈ ਕੋਈ ਠੋਸ ਨੀਤੀ ਅਖ਼ਤਿਆਰ ਕਰੇ। ਕੱਚੇ ਤੇਲ ਦੀ ਅੰਤਰਰਾਸ਼ਟਰੀ ਕੀਮਤ ਬਹੁਤ ਘੱਟ ਹੈ, ਜਦਕਿ ਆਮ ਲੋਕਾਂ ਨੂੰ ਮਿਲਣ ਵਾਲਾ ਤੇਲ ਬਹੁਤ ਹੀ ਮਹਿੰਗਾ ਹੈ। ਕੇਂਦਰ ਸਰਕਾਰ ਨੂੰ ਤੇਲ ਵਿੱਚੋਂ ਜੋ ਕਮਾਈ ਹੁੰਦੀ ਹੈ, ਉਸ ਬਾਰੇ ਪ੍ਰਚਾਰਿਆ ਤਾਂ ਇਹ ਜਾਂਦਾ ਹੈ ਕਿ ਇਸ ਨਾਲ ਦੇਸ਼ ਦੀਆਂ ਸੜਕਾਂ ਦੀ ਹਾਲਤ ਸੁਧਾਰੀ ਜਾ ਰਹੀ ਹੈ ਪਰ ਪੰਜਾਬ ਦੀਆਂ ਕਈ ਪ੍ਰਮੁੱਖ ਸੜਕਾਂ ਦਾ ਹਾਲ ਦੇਖ ਕੇ ਇਸ ਤਰਾਂ ਲੱਗਦਾ ਹੈ ਕਿ ਕੇਂਦਰ ਸਰਕਾਰ ਇਸ ਮਾਮਲੇ ਵਿੱਚ ਦੇਸ਼ ਦੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾ ਰਹੀ ਹੈ।
ਇਸ ਮੌਕੇ ਕਾਲਜ ਦੇ ਵਿਹੜੇ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਉਨਾਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਅਕਾਲੀ ਭਾਜਪਾ ਗਠਜੋੜ ਸਰਕਾਰ ਨੇ ਪੰਜਾਬ ਦੇ ਜੰਗਲਾਤ ਅਧੀਨ ਖੇਤਰ ਅਤੇ ਪੰਜਾਬ ਨੂੰ ਉਜਾੜ ਕੇ ਰੱਖ ਦਿੱਤਾ। ਉਨਾਂ ਕਿਹਾ ਕਿ ਹੁਣ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਬਣ ਜਾਣ ਕਾਰਨ ਜਿੱਥੇ ਪੰਜਾਬ ਨੂੰ ਬਚਾਇਆ ਜਾਵੇਗਾ, ਉਥੇ ਇਥੋਂ ਦੇ ਜੰਗਲਾਤ ਅਧੀਨ ਖੇਤਰ ਨੂੰ ਵੀ ਸੁਰੱਖਿਅਤ ਕੀਤਾ ਜਾਵੇਗਾ। ਇਸ ਮੌਕੇ ਉਨਾਂ ਨਾਲ ਵਿਧਾਇਕ ਭਾਰਤ ਭੂਸ਼ਣ ਆਸ਼ੂ, ਵਿਧਾਇਕ ਸੰਜੇ ਤਲਵਾੜ, ਪ੍ਰਿੰਸੀਪਲ ਮਹਿੰਦਰ ਕੌਰ ਗਰੇਵਾਲ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।