ਸਿਖਲਾਈ ਕੋਰਸ ਵਿਚ ਸ਼ਾਮਲ ਹੋਣ ਵਾਲੇ ਪਸਾਰ ਕਰਮਚਾਰੀਆਂ ਨਾਲ ਮੁਖ ਮਹਿਮਾਨ ਅਤੇ ਹੋਰ |
ਲੁਧਿਆਣਾ, 04 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਅਗਵਾਈ ਹੇਠ ਏਕੀਕ੍ਰਿਤ ਫ਼ਸਲ ਉਤਪਾਦਨ ਸੰਬੰਧੀ ਤਿੰਨ ਮਹੀਨੇ ਦਾ ਸਿਖਲਾਈ ਕੋਰਸ ਅੱਜ ਸਮਾਪਤ ਹੋਇਆ ਜਿਸ ਵਿੱਚ ਪੀਏਯੂ ਦੇ ਅਲੱਗ-ਅਲੱਗ ਵਿਭਾਗਾਂ ਦੇ 20 ਪਸਾਰ ਕਰਮਚਾਰੀਆਂ ਨੇ ਭਾਗ ਲਿਆ।
ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ. ਡੀ ਐਸ ਭੱਟੀ ਨੇ ਸਿਖਿਆਰਥੀਆਂ ਨੂੰ ਸੂਬੇ ਦੇ ਕਿਸਾਨਾਂ ਤੱਕ ਪੀਏਯੂ ਦੀਆਂ ਵਿਕਸਿਤ ਤਕਨੀਕਾਂ ਪਹੁੰਚਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਯੂਨੀਵਰਸਿਟੀ ਦੁਆਰਾ ਖੇਤੀਬਾੜੀ ਦੇ ਵਿਭਿੰਨ ਪੱਖਾਂ ਨਾਲ ਸੰਬੰਧਿਤ ਕਈ ਸਿਖਲਾਈ ਪ੍ਰੋਗਰਾਮ ਲਗਾਏ ਜਾਂਦੇ ਹਨ ਤੁਹਾਨੂੰ ਕਿਸਾਨਾਂ ਨੂੰ ਇਹਨਾਂ ਸਿਖਲਾਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਜੋ ਉਹਨਾ ਦੀ ਆਮਦਨ ਵਿੱਚ ਵਾਧਾ ਹੋ ਸਕੇ।
ਪਸਾਰ ਸਿੱਖਿਆ ਦੇ ਪ੍ਰੋਫੈਸਰ ਡਾ. ਟੀ ਐਸ ਰਿਆੜ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਜਾਣਕਾਰੀ ਦਿੰਦਿਆਂ ਕਿਹਾ ਕਿ ਪਸਾਰ ਕਰਮਚਾਰੀਆਂ ਨੂੰ ਖੇਤੀਬਾੜੀ ਅਤੇ ਸਹਾਇਕ ਧੰਦਿਆਂ ਸੰਬੰਧੀ ਜਾਣਕਾਰੀ ਦੇਣਾ ਹੀ ਇਸ ਕੋਰਸ ਦਾ ਮੁੱਖ ਉਦੇਸ਼ ਸੀ। ਉਹਨਾਂ ਦੱਸਿਆ ਕਿ ਭੂਮੀ ਵਿਗਿਆਨ, ਪਲਾਂਟ ਬਰੀਡਿੰਗ ਅਤੇ ਜੈਨੇਟਿਕਸ, ਫ਼ਸਲ ਵਿਗਿਆਨ, ਸਬਜ਼ੀ ਵਿਗਿਆਨ, ਫਲੋਰੀਕਲਚਰ, ਪਸ਼ੂ ਵਿਗਿਆਨ ਆਦਿ ਦੇ ਮਾਹਰਾਂ ਨੇ ਆਪਣੇ-ਆਪਣੇ ਵਿਸ਼ਿਆਂ ਨਾਲ ਸੰਬੰਧਿਤ ਵਿਸ਼ੇਸ਼ ਭਾਸ਼ਣ ਅਤੇ ਅਸਲੀ ਸਿਖਲਾਈ ਸਿਖਿਆਰਥੀਆਂ ਨੂੰ ਦਿੱਤੀ। ਅੰਤ ਵਿੱਚ ਪਸਾਰ ਸਿੱਖਿਆ ਦੇ ਪ੍ਰੋਫੈਸਰ ਡਾ. ਰੁਪਿੰਦਰ ਕੌਰ ਨੇ ਧੰਨਵਾਦ ਦੇ ਸ਼ਬਦ ਕਹੇ।