ਬਾਬਾ ਮਹਾਰਾਜ ਸਿੰਘ ਦੇ161ਵੇਂ ਸ਼ਹੀਦੀ ਦਿਹਾੜੇ 'ਤੇ ਰਾਜ ਪੱਧਰੀ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ |
ਰੱਬੋਂ ਉੱਚੀ, 05 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਦੇਸ਼ ਦੀ ਏਕਤਾ ਅਤੇ ਆਖੰਡਤਾ ਨੂੰ ਬਣਾਈ ਰੱਖਣ ਲਈ ਅੱਜ ਸਮੇਂ ਦੀ ਲੋੜ ਹੈ ਕਿ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਵਡਮੁੱਲਾ ਯੋਗਦਾਨ ਪਾ ਕੇ ਪਹਿਲੇ ਸਿੱਖ ਸ਼ਹੀਦ ਦਾ ਰੁਤਬਾ ਹਾਸਿਲ ਕਰਨ ਵਾਲੇ ਭਾਈ ਮਹਾਰਾਜ ਸਿੰਘ ਜੀ ਵੱਲੋਂ ਦਰਸਾਏ ਰਸਤੇ 'ਤੇ ਚੱਲਿਆ ਜਾਵੇ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਵਿੱਚ ਜੰਗਲਾਤ, ਪ੍ਰਿੰਟਿੰਗ, ਸਟੇਸ਼ਨਰੀ, ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਪਿੰਡ ਰੱਬੋਂ ਉੱਚੀ ਵਿਖੇ ਬਾਬਾ ਮਹਾਰਾਜ ਸਿੰਘ ਜੀ ਦੇ 161ਵੇਂ ਸ਼ਹੀਦੀ ਦਿਹਾੜੇ ਸੰਬੰਧੀ ਕਰਵਾਏ ਗਏ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਉਨਾਂ ਕਿਹਾ ਕਿ ਆਜ਼ਾਦੀ ਪ੍ਰਾਪਤ ਕਰਨੀ ਸੌਖੀ ਹੈ ਪਰ ਇਸ ਨੂੰ ਬਰਕਰਾਰ ਰੱਖਣਾ ਬਹੁਤ ਔਖਾ ਹੈ। ਬਾਬਾ ਮਹਾਰਾਜ ਸਿੰਘ ਵਰਗੀਆਂ ਦੇਸ਼ ਭਗਤ ਸਖ਼ਸ਼ੀਅਤਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸੰਘਰਸ਼ ਕੀਤਾ ਅਤੇ ਆਪਣੇ ਪ੍ਰਾਣ ਨਿਛਾਵਰ ਕਰ ਦਿੱਤੇ। ਅੱਜ ਲੋੜ ਹੈ ਕਿ ਦੇਸ਼ ਵਾਸੀ ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਉਨਾਂ ਵੱਲੋਂ ਦਰਸਾਏ ਰਾਹ 'ਤੇ ਚੱਲਣ।
ਉਨਾਂ ਕਿਹਾ ਕਿ ਸਮੇਂ-ਸਮੇਂ ਦੀਆਂ ਸਰਕਾਰਾਂ ਦੇ ਪਿੱਛਲੱਗੂ ਲੇਖਕਾਂ ਨੇ ਦੇਸ਼ ਦੇ ਆਜ਼ਾਦੀ ਸੰੰਘਰਸ਼ ਦੀ ਸ਼ੁਰੂਆਤ 1857 ਦੇ ਵਿਦਰੋਹ ਨੂੰ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਤਿਹਾਸ ਗਵਾਹ ਹੈ ਕਿ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਬਾਬਾ ਮਹਾਰਾਜ ਸਿੰਘ ਨੇ ਉਸ ਵੇਲੇ ਹੀ ਸ਼ੁਰੂ ਕਰ ਦਿੱਤਾ ਸੀ, ਜਦੋਂ ਉਨਾਂ ਨੇ ਸਿੱਖ ਸਾਮਰਾਜ ਦੇ ਆਖ਼ਰੀ ਸਾਸ਼ਕ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਹਕੂਮਤ ਦੀ ਗ੍ਰਿਫ਼ਤ ਵਿੱਚੋਂ ਛੁਡਾਉਣ ਲਈ ਸੰਘਰਸ਼ ਵਿੱਢ ਦਿੱਤਾ ਸੀ। ਇਹ ਸਿੱਖ ਕੌਮ ਅਤੇ ਦੇਸ਼ ਦੀ ਬਦਕਿਸਮਤੀ ਹੀ ਸੀ ਕਿ ਬਾਬਾ ਮਹਾਰਾਜ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਬਣਾਈ ਗਈ ਯੋਜਨਾ ਦਾ ਅੰਗਰੇਜ ਹਕੂਮਤ ਨੂੰ ਪਤਾ ਲੱਗ ਗਿਆ ਅਤੇ ਉਨਾਂ ਨੇ ਬਾਬਾ ਮਹਾਰਾਜ ਸਿੰਘ ਜੀ ਨੂੰ ਕੈਦ ਕਰਕੇ ਸਿੰਘਾਪੁਰ ਭੇਜ ਦਿੱਤਾ ਅਤੇ ਲੱਖਾਂ ਤਸੀਹੇ ਦਿੱਤੇ, ਜਿਸ ਦੇ ਨਤੀਜੇ ਵਜੋਂ ਉਨਾਂ ਦੀ 5 ਜੁਲਾਈ, 1856 ਨੂੰ ਉਥੇ ਹੀ ਸ਼ਹੀਦੀ ਹੋ ਗਈ। ਬਾਬਾ ਮਹਾਰਾਜ ਸਿੰਘ ਨੇ ਆਪਣੇ ਜੀਵਨ ਦੌਰਾਨ ਅੰਗਰੇਜ਼ਾਂ ਵਿਰੁਧ ਵੱਖ-ਵੱਖ ਧਿਰਾਂ ਨੂੰ ਇਕੱਠਿਆਂ ਕਰਨ 'ਤੇ ਬਹੁਤ ਜ਼ੋਰ ਲਗਾਇਆ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਗੌਰਵਮਈ ਇਤਿਹਾਸ ਨੂੰ ਸਾਂਭਣ ਲਈ ਦ੍ਰਿੜ ਸੰਕਲਪ ਹੈ ਅਤੇ ਇਸੇ ਕਰਕੇ ਹੀ ਬਾਬਾ ਮਹਾਰਾਜ ਸਿੰਘ ਜੀ ਦਾ ਬੁੱਤ ਪਿੰਡ ਰੱਬੋਂ ਉੱਚੀ ਵਿਖੇ ਸਥਾਪਤ ਕੀਤਾ ਜਾਵੇਗਾ ਤਾਂ ਜੋ ਸਿੱਖ ਇਤਿਹਾਸ ਦੇ ਜਾਂਬਾਜ਼ ਹੀਰੇ ਦੀ ਯਾਦ ਨੂੰ ਤਾਜ਼ਾ ਰੱਖਿਆ ਜਾ ਸਕੇ ਅਤੇ ਅੱਜ ਦੇ ਲੋਕ ਉਨਾਂ ਦੇ ਸੰਘਰਸ਼ਮਈ ਜੀਵਨ ਤੋਂ ਸੇਧ ਲੈ ਸਕਣ। ਉਨਾਂ ਪਿੰਡ ਬਾਬਰਪੁਰ ਤੋਂ ਗੁਰਦੁਆਰਾ ਦਮਦਮਾ ਸਾਹਿਬ (ਪਿੰਡ ਰੱਬੋਂ ਉੱਚੀ) ਤੱਕ ਸੜਕ ਦਾ ਨਾਮ ਬਾਬਾ ਮਹਾਰਾਜ ਸਿੰਘ ਦੇ ਨਾਮ 'ਤੇ ਰੱਖਣ ਅਤੇ ਮੁੱਖ ਮੰਤਰੀ ਪੰਜਾਬ ਦੇ ਅਖ਼ਤਿਆਰੀ ਕੋਟੇ ਵਿੱਚੋਂ ਪਿੰਡ ਰੱਬੋਂ ਉੱਚੀ ਦੇ ਵਿਕਾਸ ਲਈ 5 ਲੱਖ ਰੁਪਏ ਗਰਾਂਟ ਦੇਣ ਦਾ ਵੀ ਐਲਾਨ ਕੀਤਾ। ਇਸ ਤੋਂ ਇਲਾਵਾ ਹਲਕੇ ਦੀਆਂ ਹੋਰ ਲੋੜਾਂ ਪੂਰੀਆਂ ਕਰਨ ਲਈ ਵੀ ਪੰਜਾਬ ਦੇ ਮੁੱਖ ਮੰਤਰੀ ਨਾਲ ਗੱਲ ਕਰਨ ਦਾ ਭਰੋਸਾ ਦਿੱਤਾ। ਉਨਾਂ ਬਾਬਾ ਮਹਾਰਾਜ ਸਿੰਘ ਜੀ ਦੀ ਤਸਵੀਰ 'ਤੇ ਫੁੱਲ ਅਰਪਿਤ ਕਰਕੇ ਸ਼ਰਧਾਂਜਲੀ ਭੇਟ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਨੇ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਸੂਬੇ ਵਿੱਚ ਜੰਗਲਾਤ ਅਧੀਨ ਖੇਤਰ ਵਧਾਉਣ ਲਈ ਲਗਾਤਾਰ ਯਤਨ ਜਾਰੀ ਹਨ, ਜਿਸ ਤਹਿਤ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੜਕਾਂ ਦੇ ਆਸੇ ਪਾਸੇ ਖਾਲੀ ਪਈ ਜਗਾ ਨੂੰ ਐਕਵਾਇਰ ਕਰਕੇ ਉਥੇ ਪੌਦੇ ਲਗਾ ਕੇ ਸੰਬੰਧਤ ਪੰਚਾਇਤਾਂ ਅਤੇ ਸਕੂਲਾਂ ਨੂੰ ਸਪੁਰਦ ਕੀਤੇ ਜਾਣ ਤਾਂ ਜੋ ਉਨਾਂ ਦੀ ਬਕਾਇਦਾ ਸੰਭਾਲ ਕੀਤੀ ਜਾ ਸਕੇ। ਉਨਾਂ ਪੰਚਾਇਤਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਸਹਿਯੋਗ ਦੀ ਅਪੀਲ ਕੀਤੀ। ਉਨਾਂ ਇਹ ਵੀ ਕਿਹਾ ਕਿ ਵਿਭਾਗ ਵੱਲੋਂ ਪਹਿਲ ਕਦਮੀ ਕਰਦਿਆਂ ਓਹਨਾ ਖਾਲੀ ਥਾਵਾਂ ਦੀ ਪਛਾਣ ਕੀਤੀ ਜਾ ਰਹੀ ਹੈ, ਜਿੱਥੇ ਪੌਦੇ ਲਗਾ ਕੇ ਜੰਗਲ ਵਿਕਸਤ ਕੀਤੇ ਜਾ ਸਕਣ। ਉਨਾਂ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਹਿੱਤ ਕੰਮਾਂ ਦਾ ਵੀ ਵੇਰਵਾ ਪੇਸ਼ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਹਲਕਾ ਪਾਇਲ ਦੇ ਵਿਧਾਇਕ ਲਖਬੀਰ ਸਿੰਘ ਲੱਖਾ ਨੇ ਪਿੰਡ ਰੱਬੋਂ ਉੱਚੀ ਅਤੇ ਇਲਾਕੇ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ ਅਤੇ ਮੰਗ ਕੀਤੀ ਕਿ ਹਲਕੇ ਦੇ ਵਿਕਾਸ ਲਈ ਇਹਨਾਂ ਮੰਗਾਂ ਨੂੰ ਪਹਿਲ ਦੇ ਆਧਾਰ 'ਤੇ ਪੂਰਾ ਕੀਤਾ ਜਾਵੇ। ਇਸ ਮੌਕੇ ਵੱਖ-ਵੱਖ ਰਾਗੀ, ਢਾਡੀ ਅਤੇ ਕਵੀਸ਼ਰੀ ਜੱਥਿਆਂ ਵੱਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਸਮਰਾਲਾ ਦੇ ਵਿਧਾਇਕ ਅਮਰੀਕ ਸਿੰਘ ਢਿੱਲੋਂ, ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ ਤੇ ਮਲਕੀਅਤ ਸਿੰਘ ਦਾਖਾ, ਬਾਬਾ ਜਗਜੀਤ ਸਿੰਘ ਹਰਖੋਵਾਲ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਖੰਨਾ ਅਜੇ ਸੂਦ, ਐੱਸ.ਡੀ.ਐੱਮ. ਪਾਇਲ ਪਰਮਜੀਤ ਸਿੰਘ, ਕਾਂਗਰਸ ਪਾਰਟੀ ਦੇ ਜ਼ਿਲਾ ਪ੍ਰਧਾਨ ਗੁਰਦੇਵ ਸਿੰਘ ਲਾਂਪਰਾਂ, ਕੇ. ਕੇ. ਬਾਵਾ, ਜਨਰਲ ਸਕੱਤਰ ਅਮਰਜੀਤ ਸਿੰਘ ਟਿੱਕਾ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਰਮ ਸਿੰਘ, ਪਿਆਰਾ ਸਿੰਘ, ਦਰਸ਼ਨ ਸਿੰਘ, ਇੰਦਰ ਸਿੰਘ, ਬਹਾਦਰ ਸਿੰਘ, ਪਾਲ ਸਿੰਘ, ਸਰਪੰਚ ਕੌਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।