ਲੁਧਿਆਣਾ, 07 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਬਾਸਮਤੀ ਵਿੱਚ ਬਲਾਸਟ (ਭੁਰੜ ਰੋਗ) ਅਤੇ ਝੰਡਾ ਰੋਗ (ਮੁੱਢਾਂ ਦਾ ਗਲਣਾ) ਉਲੀ ਨਾਲ ਲੱਗਣ ਵਾਲੇ ਬਹੁਤ ਹੀ ਭਿਆਨਕ ਰੋਗ ਹਨ। ਜੇਕਰ ਇਨਾਂ ਨੂੰ ਰੋਕਣ ਲਈ ਸੁਚੱਜਾ ਪ੍ਰਬੰਧ ਨਾ ਕੀਤਾ ਜਾਵੇ ਤਾਂ ਇਹ ਰੋਗ ਫ਼ਸਲ ਦੇ ਝਾੜ ਦਾ ਬਹੁਤ ਹੀ ਨੁਕਸਾਨ ਕਰ ਦਿੰਦੇ ਹਨ।
ਪੀਏਯੂ ਦੇ ਪੌਦਾ ਰੋਗ ਵਿਭਾਗ ਦੇ ਮੁੱਖੀ ਡਾ. ਪਰਵਿੰਦਰ ਸਿੰਘ ਸੇਖੋਂ ਨੇ ਬਾਸਮਤੀ ਦੇ ਭੁਰੜ ਰੋਗ (ਬਲਾਸਟ) ਬਾਰੇ ਦੱਸਿਆ ਕਿ ਬਾਸਮਤੀ ਦੀਆਂ ਗੈਰ ਸਿਫਾਰਿਸ਼ੀ ਕਿਸਮਾਂ ਜਿਵੇਂ ਕਿ ਪੂਸਾ 1401 ਅਤੇ ਮੁੱਛਲ ਇਸ ਬਿਮਾਰੀ ਨਾਲ ਵੱਧ ਪ੍ਰਭਾਵਿਤ ਹੁੰਦੀਆਂ ਹਨ, ਇਸ ਕਰਕੇ ਕਿਸਾਨ ਇਨਾਂ ਕਿਸਮਾਂ ਦੀ ਕਾਸ਼ਤ ਕਰਨ ਤੋਂ ਗੁਰੇਜ਼ ਕਰਨ। ਇਹ ਰੋਗ ਨਾਈਟ੍ਰੋਜਨ ਖਾਦ ਦੀ ਜ਼ਿਆਦਾ ਵਰਤੋਂ ਕਰਨ ਨਾਲ ਵਧੇਰੇ ਫੈਲਦਾ ਹੈ। ਇਸ ਕਰਕੇ ਕਿਸਾਨ ਸਿਫਾਰਿਸ਼ ਅਨੁਸਾਰ ਹੀ ਇਸ ਖਾਦ ਦੀ ਵਰਤੋਂ ਕਰਨ। ਪਿਛਲੇ ਸਾਲ ਜਿਹੜੇ ਖੇਤਾਂ ਵਿੱਚ ਭੁਰੜ ਰੋਗ ਦਾ ਹਮਲਾ ਹੋਇਆ ਸੀ ਉਨਾਂ ਖੇਤਾਂ ਵਿੱਚ ਬਾਸਮਤੀ ਦੀ ਬਜਾਏ ਪਰਮਲ ਕਿਸਮਾਂ ਨੂੰ ਹੀ ਤਰਜ਼ੀਹ ਦੇਣੀ ਚਾਹੀਦੀ ਹੈ। ਘੰਢੀ ਰੋਗ ਦੀ ਰੋਕਥਾਮ ਲਈ ਸਿਫਾਰਿਸ਼ ਕੀਤੇ ਉਲੀਨਾਸ਼ਕ (ਐਮੀਸਟਾਰ ਟੋਪ ਜਾਂ ਇੰਡੋਫਿਲ ਜ਼ੈਡ-78) ਦੀ ਵਰਤੋਂ ਫ਼ਸਲ ਦੀ ਗੋਭ ਨਿਕਲਣ ਸਮੇਂ ਕਰੋ।
ਉਨਾਂ ਦੱਸਿਆ ਕਿ ਬਾਸਮਤੀ ਤੇ ਉਲੀਨਾਸ਼ਕਾਂ ਦੇ ਲੇਟ ਛਿੜਕਾਅ ਬੇਅਸਰ ਹੁੰਦੇ ਹਨ ਅਤੇ ਇਨਾਂ ਦੇ ਅੰਸ਼ ਦਾਣਿਆਂ ਵਿੱਚ ਰਹਿ ਜਾਂਦੇ ਹਨ ਜਿਸ ਕਰਕੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਬਾਸਮਤੀ ਦੇ ਨਿਰਯਾਤ ਵਿੱਚ ਮੁਸ਼ਕਿਲਾਂ ਦਰਪੇਸ਼ ਹੁੰਦੀਆਂ ਹਨ।
ਝੰਡਾ ਰੋਗ ਬਾਰੇ ਡਾ. ਸੇਖੋਂ ਨੇ ਦੱਸਿਆ ਕਿ ਇਹ ਰੋਗ ਬੀਜ ਰਾਹੀਂ ਫੈਲਦਾ ਹੈ ਅਤੇ ਇਸ ਦੇ ਲੱਛਣ ਪਨੀਰੀ ਅਤੇ ਖੇਤ ਵਿੱਚ ਦੇਖੇ ਜਾ ਸਕਦੇ ਹਨ। ਕਈ ਕਿਸਾਨ ਬਾਸਮਤੀ ਦੀ ਫਸਲ ਦੀ ਲੁਆਈ ਅਗੇਤੀ ਕਰ ਦਿੰਦੇ ਹਨ ਅਤੇ ਇਸ ਬਿਮਾਰੀ ਨੂੰ ਰੋਕਣ ਲਈ ਕੋਈ ਮੁਢਲੇ ਉਪਰਾਲੇ ਵੀ ਨਹੀ ਕਰਦੇ ਜਿਸ ਕਰਕੇ ਉਨਾਂ ਦੇ ਖੇਤਾਂ ਵਿੱਚ ਇਸ ਰੋਗ ਦਾ ਭਾਰੀ ਹੱਲਾ ਹੋ ਜਾਂਦਾ ਹੈ।
ਅੱਗੇ ਜਾਣਕਾਰੀ ਵਧਾਉਂਦਿਆਂ ਡਾ. ਸੇਖੋਂ ਨੇੱ ਦੱਸਿਆਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਰੋਗ ਨੂੰ ਰੋਕਣ ਲਈ ਬਿਜਾਈ ਤੋਂ ਪਹਿਲਾਂ ਬੀਜ ਦੀ ਸੋਧ (ਬਾਵਿਸਟਨ + ਸਟਰੈਪਟੋਸਾਇਕਲੀਨ ਨਾਲ) ਅਤੇ ਫਿਰ ਖੇਤਾਂ ਵਿੱਚ ਬੂਟੇ ਲਗਾਉਣ ਤੋਂ ਪਹਿਲਾਂ ਜੜਾਂ ਦੀ ਸੋਧ (0.2 ਪ੍ਰਤੀਸ਼ਤ ਬਾਵਿਸਟਨ ਦੇ ਘੋਲ ਨਾਲ) ਦੀ ਸਿਫਾਰਿਸ਼ ਕੀਤੀ ਹੋਈ ਹੈ। ਇਸ ਤੋਂ ਇਲਾਵਾ ਇਸ ਰੋਗ ਨੂੰ ਟਰਾਈਕੋਡਰਮਾ ਹਾਰਜ਼ੀਐਨਮ ਦੇ ਪਾਊਡਰ ਨਾਲ ਬੀਜ ਅਤੇ ਪਨੀਰੀ ਦੀ ਸੋਧ ਕਰਕੇ ਵੀ ਰੋਕਿਆ ਜਾ ਸਕਦਾ ਹੈ। ਜਿਨਾਂ ਕਿਸਾਨਾਂ ਨੇ ਇਸ ਬਿਮਾਰੀ ਨੂੰ ਰੋਕਣ ਲਈ ਬੀਜ ਦੀ ਸੋਧ ਨਹੀਂ ਕੀਤੀ ਤਾਂ ਉਨਾਂ ਦੇ ਖੇਤਾਂ ਵਿੱਚ ਇਸ ਰੋਗ ਦਾ ਹੱਲਾ ਸ਼ੁਰੂ ਹੋ ਸਕਦਾ ਹੈ। ਕਿਸਾਨਾਂ ਨੂੰ ਇਹ ਹਦਾਇਤ ਦਿੱਤੀ ਜਾਂਦੀ ਹੈ ਕਿ ਪ੍ਰਭਾਵਿਤ ਖੇਤਾਂ ਵਿੱਚੋਂ ਰੋਗੀ ਬੂਟਿਆਂ ਨੂੰ ਪੁੱਟ ਕੇ ਨਸ਼ਟ ਕਰ ਦਿਉ ਅਤੇ ਉਨਾਂ ਦੀ ਥਾਂ (ਜੇਕਰ ਪਨੀਰੀ ਰੱਖੀ ਹੋਈ ਹੈ ) ਨਵੇਂ ਬੂਟਿਆਂ ਦੀਆਂ ਜੜਾਂ ਨੂੰ 0.2 ਪ੍ਰਤੀਸ਼ਤ ਬਾਵਿਸਟਨ (2 ਗ੍ਰਾਮ ਬਾਵਿਸਟਨ ਇੱਕ ਲਿਟਰ ਪਾਣੀ ਵਿੱਚ) ਦੇ ਘੋਲ ਨਾਲ ਸੋਧ ਕੇ ਲਗਾ ਦਿਉ। ਜਿਹੜੇ ਕਿਸਾਨ ਵੀਰਾਂ ਨੇ ਅਜੇ ਪਨੀਰੀ ਨੂੰ ਪੁੱਟ ਕੇ ਖੇਤਾਂ ਵਿੱਚ ਲਗਾਉਣਾ ਹੈ ਤਾਂ ਉਹ ਪਨੀਰੀ ਦੀਆਂ ਜੜਾਂ ਦੀ ਸੋਧ ਬਾਵਿਸਟਨ 0.2 ਪ੍ਰਤੀਸ਼ਤ ਘੋਲ ਵਿੱਚ 6 ਘੰਟੇ ਲਈ ਕਰ ਲੈਣ ਤਾਂ ਜੋ ਇਸ ਰੋਗ ਨੂੰ ਰੋਕਿਆ ਜਾ ਸਕੇ।