ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ |
ਲੁਧਿਆਣਾ 09 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਪੰਜਾਬ ਸਰਕਾਰ ਸੂਬੇ ਦੇ ਵਾਤਾਵਰਨ ਨੂੰ ਬਚਾਉਣ ਅਤੇ ਗਰੀਬ ਅਤੇ ਲੋੜਵੰਦ ਲੋਕਾਂ ਦੇ ਸਮਾਜਿਕ ਅਤੇ ਆਰਥਿਕ ਉਥਾਨ ਲਈ ਦ੍ਰਿੜ ਸੰਕਲਪ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਵਿੱਚ ਜੰਗਲਾਤ, ਪ੍ਰਿੰਟਿੰਗ, ਸਟੇਸ਼ਨਰੀ, ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਬਾਰੇ ਵਿਭਾਗਾਂ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਸਥਾਨਕ ਸ੍ਰੀ ਗਿਆਨ ਸਥੱਲ ਮੰਦਿਰ, ਸੁਭਾਨੀ ਚੌਕ ਵਿਖੇ ਰੱਖੇ ਰਾਸ਼ਨ ਅਤੇ ਹੋਰ ਸਮੱਗਰੀ ਵੰਡ ਸਮਾਰੋਹ ਦੌਰਾਨ ਕੀਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਅੱਗੇ ਤੋਰਨ ਲਈ ਸੜਕਾਂ ਨੂੰ ਚੌੜਾ ਕਰਨਾ ਬਹੁਤ ਜ਼ਰੂਰੀ ਹੈ। ਕਿਉਂਕਿ ਖਿੱਤੇ ਦੇ ਵਿਕਾਸ ਲਈ ਉਥੇ ਦਾ ਸੜਕੀ ਨੈੱਟਵਰਕ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਸੜਕਾਂ ਨੂੰ ਚੌੜਾ ਕਰਨ ਲਈ ਜੋ ਵੀ ਰੁੱਖ ਕੱਟੇ ਜਾ ਰਹੇ ਹਨ, ਜੰਗਲਾਤ ਵਿਭਾਗ ਦੀ ਇਹ ਕੋਸ਼ਿਸ਼ ਹੈ ਕਿ ਜਿੰਨੀ ਗਿਣਤੀ ਵਿੱਚ ਦਰੱਖ਼ਤ ਕੱਟੇ ਜਾ ਰਹੇ ਹਨ, ਉਸ ਤੋਂ ਵਧੇਰੀ ਗਿਣਤੀ ਵਿੱਚ ਨਵੇਂ ਪੌਦੇ ਲਗਾ/ਲਗਵਾ ਕੇ ਉਨਾਂ ਦੀ ਬਕਾਇਦਾ ਚੰਗੀ ਸੰਭਾਲ ਕੀਤੀ ਜਾਵੇ।
ਉਨਾਂ ਕਿਹਾ ਕਿ ਜੰਗਲਾਤ ਵਿਭਾਗ ਵੱਲੋਂ ਸੂਬੇ ਵਿੱਚ ਜੰਗਲਾਤ ਅਧੀਨ ਖੇਤਰ ਵਧਾਉਣ ਲਈ ਲਗਾਤਾਰ ਯਤਨ ਜਾਰੀ ਹਨ, ਜਿਸ ਤਹਿਤ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸੜਕਾਂ ਦੇ ਆਸੇ ਪਾਸੇ ਖਾਲੀ ਪਈ ਜਗਾ ਨੂੰ ਐਕਵਾਇਰ ਕਰਕੇ ਉਥੇ ਪੌਦੇ ਲਗਾ ਕੇ ਸੰਬੰਧਤ ਪੰਚਾਇਤਾਂ ਅਤੇ ਸਕੂਲਾਂ ਨੂੰ ਸਪੁਰਦ ਕੀਤੇ ਜਾਣ ਤਾਂ ਜੋ ਉਨਾਂ ਦੀ ਬਕਾਇਦਾ ਸੰਭਾਲ ਕੀਤੀ ਜਾ ਸਕੇ। ਉਨਾਂ ਪੰਚਾਇਤਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਸਹਿਯੋਗ ਦੀ ਅਪੀਲ ਕੀਤੀ। ਉਨਾਂ ਇਹ ਵੀ ਕਿਹਾ ਕਿ ਵਿਭਾਗ ਵੱਲੋਂ ਪਹਿਲ ਕਦਮੀ ਕਰਦਿਆਂ ਉਨਾਂ ਖਾਲੀ ਥਾਵਾਂ ਦੀ ਪਛਾਣ ਕੀਤੀ ਜਾ ਰਹੀ ਹੈ, ਜਿੱਥੇ ਪੌਦੇ ਲਗਾ ਕੇ ਜੰਗਲ ਵਿਕਸਤ ਕੀਤੇ ਜਾ ਸਕਣ। ਉਨਾਂ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਹਿੱਤ ਕੰਮਾਂ ਦਾ ਵੀ ਵੇਰਵਾ ਪੇਸ਼ ਕੀਤਾ।
ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਧਰਮਸੋਤ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰੇਕ ਵਰਗ ਦੇ ਲੋਕਾਂ ਦਾ ਵਿਕਾਸ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਗਰੀਬ ਅਤੇ ਲੋੜਵੰਦ ਲੋਕਾਂ ਦੇ ਸਮਾਜਿਕ ਅਤੇ ਆਰਥਿਕ ਉਥਾਨ ਲਈ ਯਤਨ ਕੀਤੇ ਜਾ ਰਹੇ ਹਨ। ਉਨਾਂ ਸ੍ਰੀ ਗਿਆਨ ਸਥੱਲ ਮੰਦਿਰ ਸਭਾ ਅਤੇ ਲਾਲਾ ਜਗਤ ਨਰਾਇਣ ਨਿਸ਼ਕਾਮ ਸੇਵਾ ਸੁਸਾਇਟੀ ਵੱਲੋਂ ਗਰੀਬ ਅਤੇ ਲੋੜਵੰਦ ਲੋਕਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਉਨਾਂ ਮੰਦਿਰ ਸਭਾ ਅਤੇ ਸੁਸਾਇਟੀ ਵੱਲੋਂ ਲੋੜਵੰਦ ਵਿਧਵਾਵਾਂ ਅਤੇ ਗਰੀਬਾਂ ਨੂੰ ਰਾਸ਼ਨ ਅਤੇ ਹੋਰ ਸਮੱਗਰੀ ਦੀ ਵੀ ਵੰਡ ਕੀਤੀ। ਉਨਾਂ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ 2 ਲੱਖ ਰੁਪਏ ਭੇਜਣ ਦਾ ਐਲਾਨ ਕੀਤਾ।
ਸਮਾਗਮ ਨੂੰ ਹਲਕਾ ਲੁਧਿਆਣਾ (ਕੇਂਦਰੀ) ਦੇ ਵਿਧਾਇਕ ਸੁਰਿੰਦਰ ਡਾਬਰ, ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਸੀਨੀਅਰ ਕਾਂਗਰਸੀ ਆਗੂ ਕ੍ਰਿਸ਼ਨ ਕੁਮਾਰ ਬਾਵਾ, ਮੁੱਖ ਪ੍ਰਬੰਧਕ ਜਗਦੀਸ਼ ਬਜਾਜ ਅਤੇ ਹੋਰਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਲੁਧਿਆਣਾ (ਪੂਰਬੀ) ਦੇ ਵਿਧਾਇਕ ਸੰਜੇ ਤਲਵਾੜ, ਰਾਜ ਕੁਮਾਰ ਵਰਮਾ ਅਤੇ ਹੋਰ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।