ਕੀਰਤਨ ਸਮਾਗਮ ਦੌਰਾਨ ਕੀਰਤਨ ਕਰਦੇ ਕੀਰਤਨੀ ਜੱਥੇ |
ਲੁਧਿਆਣਾ 09 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਇਤਿਹਾਸ ਅੰਦਰ ਸੁਨਹਿਰੀ ਅੱਖਰਾਂ ਵਿੱਚ ਲਿਖੀ ਗਈ ਹੈ। ਜਿੰਨਾ ਨੇ ਮਨੁੱਖੀ ਅਣਖ, ਵਿਚਾਰਾਂ ਦੀ ਸੁਤੰਤਰਤਾ ਅਤੇ ਧਰਮ ਦੀ ਰੱਖਿਆ ਲਈ ਵਹਿਸ਼ੀ ਹਾਕਮਾ ਦੇ ਸਾਹਮਣੇ ਆਤਮਕ ਬਲ ਦੀ ਉੱਚਤਤਾ ਦਰਸਾਉਣ ਦੀ ਖਾਤਰ ਆਪਣਾ ਬੰਦ-ਬੰਦ ਕਟਵਾ ਕੇ ਪਾਪ ਦੇ ਹਵਨ ਕੁੰਡ ਦੀ ਅਗਨੀ ਵਿੱਚ ਆਪਣੀ ਜਿੰਦਗੀ ਦੀ ਅਹੂਤੀ ਦੇ ਕੇ ਸ਼ਹੀਦੀ ਪ੍ਰਾਪਤ ਕੀਤੀ।
ਇਨਾਂ ਸ਼ਬਦਾ ਦਾ ਪ੍ਰਗਟਾਵਾ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਨੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿੱਖੇ ਸੁਸਾਇਟੀ ਵੱਲੋਂ ਆਯੋਜਿਤ ਕੀਤੇ ਗਏ ਹਫਤਾਵਾਰੀ ਕੀਰਤਨ ਸਮਾਗਮ ਅੰਦਰ ਇੱਕਤਰ ਹੋਇਆ ਸੰਗਤਾਂ ਨੂੰ ਸੰਬੋਧਨ ਕਰਦਿਆ ਹੋਇਆ ਕੀਤਾ।
ਉਨਾਂ ਨੇ ਕਿਹਾ ਕਿ ਭਾਈ ਮਨੀ ਸਿੰਘ ਜੀ ਜਿੱਥੇ ਮਹਾਨ ਯੋਧੇ, ਯੋਗ ਪ੍ਰੰਬਧਕ ਤੇ ਸਫਲ ਆਗੂ ਸਨ ਉੱਥੇ ਨਾਲ ਹੀ ਚੰਗੇ ਸਾਹਿਤ ਸਿਰਜਕ ਵੀ ਸਨ। ਅੱਜ ਸਮੇਂ ਦੀ ਮੁੱਖ ਲੋੜ ਹੈ ਕਿ ਸੰਗਤਾਂ ਸ਼ਹੀਦ ਭਾਈ ਮਨੀ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਤੋਂ ਸੇਧ ਲੈ ਕੇ ਆਪਣੇ ਧਰਮ ਤੇ ਵਿਰਸੇ ਨਾਲ ਵੱਧ ਤੋਂ ਵੱਧ ਜੁੜਨ ਤਾਂ ਹੀ ਸਮੁੱਚੀ ਸਿੱਖ ਕੌਮ ਦੀ ਹੋਰ ਚੜ•ਦੀ ਕਲਾ ਹੋ ਸਕੇਗੀ। ਉਨਾਂ ਨੇ ਕਿਹਾ ਕਿ ਜੱਥੇਦਾਰ ਅਵਤਾਰ ਸਿੰਘ ਮੱਕੜ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰੇਰਨਾ ਨਾਲ ਸੁਸਾਇਟੀ ਵੱਲੋਂ ਚਲਾਈ ਜਾ ਰਹੀ ਹਫਤਾਵਰੀ ਕੀਰਤਨ ਸਮਾਗਮ ਦੀ ਲੜੀ ਸਮੁੱਚੀਆ ਸੰਗਤਾਂ ਦੇ ਲਈ ਪ੍ਰੇਰਨਾ ਦਾ ਸ੍ਰੋਤ ਬਣ ਚੁੱਕੀ ਹੈ।
ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਕੀਤੇ ਗਏ ਕੀਰਤਨ ਸਮਾਗਮ ਦੌਰਾਨ ਆਪਣੀ ਹਾਜ਼ਰੀ ਭਰਦਿਆ ਹੋਇਆ ਭਾਈ ਨਵਨੀਤ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਭਾਈ ਗੁਰਦੇਵ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਾਲਿਆ ਦੇ ਕੀਰਤਨੀ ਜੱਥਿਆ ਨੇ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਜੀਵਨ ਇਤਿਹਾਸ ਤੇ ਚਾਨਣਾ ਪਾਉਂਦੇ ਹੋਇਆ ਬੀਰ ਰਸੀ ਗੁਰਬਾਣੀ ਦਾ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ, ਉੱਥੇ ਸਮਾਗਮ ਅੰਦਰ ਜੁੜ ਬੈਠੀਆਂ ਸੰਗਤਾਂ ਨੂੰ ਭਾਈ ਸਾਹਿਬ ਦੇ ਵਲੋਂ ਦਰਸਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਕਰਨ ਦੀ ਪ੍ਰੇਣਾ ਵੀ ਦਿੱਤੀ।
ਸਮਾਗਮ ਦੀ ਸਮਾਪਤੀ ਮੌਕੇ, ਸੁਸਾਇਟੀ ਦੇ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਅਤੇ ਉਨਾਂ ਦੇ ਸਾਥੀ ਮੈਬਰਾਂ ਨੇ ਸਾਂਝੇ ਰੂਪ ‘ਚ ਕੀਰਤਨੀ ਜੱਥਿਆਂ ਨੂੰ ਸਿਰਪਾਓ ਬਖਸ਼ਿਸ਼ ਕਰਕੇ ਉਨਾਂ ਦਾ ਧੰਨਵਾਦ ਪ੍ਰਗਟ ਕੀਤਾ। ਕੀਰਤਨ ਸਮਾਗਮ ਅੰਦਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਮੁੱਖ ਅਹੁਦੇਦਾਰ ਇੰਦਰਜੀਤ ਸਿੰਘ ਮੱਕੜ, ਜਤਿੰਦਰਪਾਲ ਸਿੰਘ ਸਲੂਜਾ, ਪ੍ਰਿਤਪਾਲ ਸਿੰਘ, ਏ ਪੀ ਸਿੰਘ ਅਰੋੜਾ, ਕਰਨੈਲ ਸਿੰਘ ਬੇਦੀ, ਬਲਬੀਰ ਸਿੰਘ ਭਾਟੀਆ, ਮਨਜੀਤ ਸਿੰਘ ਟੋਨੀ, ਗੁਰਬਚਨ ਸਿੰਘ ਬਸੀਰ, ਗੁਰਪ੍ਰੀਤ ਸਿੰਘ ਪ੍ਰਿੰਸ, ਸੁਖਪ੍ਰੀਤ ਸਿੰਘ ਮਨੀ, ਬਾਦਸ਼ਾਹਦੀਪ ਸਿੰਘ, ਮਨਮੋਹਨ ਸਿੰਘ ਵਾਲੀਆ, ਗੁਰਬਚਨ ਸਿੰਘ, ਸੁਰਿੰਦਰ ਸਿੰਘ ਸਚਦੇਵਾ, ਅਜੀਤ ਸਿੰਘ ਆੜਤੀ, ਗੁਰਵਿੰਦਰ ਸਿੰਘ, ਕਰਨਦੀਪ ਸਿੰਘ, ਸੰਦੀਪ ਸਿੰਘ, ਦਰਸ਼ਦੀਪ ਸਿੰਘ, ਦਲਬੀਰ ਸਿੰਘ ਕਿੰਗ, ਜਗਜੀਤ ਸਿੰਘ ਆਹੂਜਾ, ਮਹਿੰਦਰ ਸਿੰਘ ਡੰਗ, ਜਗਦੇਵ ਸਿੰਘ ਕਲਸੀ, ਅਤਰ ਸਿੰਘ ਮੱਕੜ, ਅਵਤਾਰ ਸਿੰਘ ਬੀ.ਕੇ ਵਿਸ਼ੇਸ਼ੇ ਤੌਰ ਤੇ ਹਾਜ਼ਰ ਸਨ।