ਕਲਾਮ ਰੂਰਲ ਲੀਡਰਸ਼ਿਪ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ (ਵ) ਸੁਰਭੀ ਮਲਿਕ |
ਲੁਧਿਆਣਾ, 13 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਪੇਂਡੂ ਖੇਤਰਾਂ ਵਿੱਚ ਚੱਲ ਰਹੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਵਿਅਕਤੀਤਵ ਵਿਕਾਸ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਨਿਖ਼ਾਰਨ ਦੇ ਮੰਤਵ ਨਾਲ ਜ਼ਿਲਾ ਲੁਧਿਆਣਾ ਵਿੱਚ 'ਕਲਾਮ ਰੂਰਲ ਲੀਡਰਸ਼ਿਪ ਪ੍ਰੋਗਰਾਮ' ਦੀ ਸ਼ੁਰੂਆਤ ਕੀਤੀ ਗਈ ਹੈ। ਜ਼ਿਲਾ ਪ੍ਰਸਾਸ਼ਨ ਲੁਧਿਆਣਾ ਦੀ ਅਗਵਾਈ ਵਿੱਚ ਇਸ ਪ੍ਰੋਗਰਾਮ ਨੂੰ 'ਇੰਨੀਸ਼ੀਏਟਰਜ਼ ਆਫ਼ ਚੇਂਜ' ਦੇ ਨੌਜਵਾਨਾਂ ਵੱਲੋਂ ਚਲਾਇਆ ਜਾਵੇਗਾ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਵਧੀਕ ਡਿਪਟੀ ਕਮਿਸ਼ਨਰ (ਵ) ਸੁਰਭੀ ਮਲਿਕ ਨੇ ਕਰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ 'ਇੰਨੀਸ਼ੀਏਟਰਜ਼ ਆਫ਼ ਚੇਂਜ' ਵੱਲੋਂ ਪਿੰਡ ਦਾਦ, ਗਿੱਲ, ਸੁਨੇਤ ਅਤੇ ਜਵੱਦੀ ਦੇ ਚਾਰ ਸਰਕਾਰੀ ਸਕੂਲਾਂ ਨੂੰ ਅਪਣਾਇਆ (ਅਡਾਪਟ) ਗਿਆ ਹੈ। ਇਨ੍ਹਾਂ ਸਕੂਲਾਂ ਦੇ ਕਰੀਬ 250-250 ਵਿਦਿਆਰਥੀਆਂ (ਕੁੱਲ ਕਰੀਬ 1000 ਵਿਦਿਆਰਥੀਆਂ) ਨੂੰ 'ਇੰਨੀਸ਼ੀਏਟਰਜ਼ ਆਫ਼ ਚੇਂਜ' ਦੇ ਚਾਰ-ਚਾਰ ਮੈਂਬਰਾਂ ਵੱਲੋਂ ਜੀਵਨ ਦੇ ਵੱਖ-ਵੱਖ ਪੱਖਾਂ (ਜਿਵੇਂਕਿ ਲਾਈਫ਼ ਸਕਿੱਲ, ਸਾਫ਼ਟ ਸਕਿੱਲ ਅਤੇ ਸੰਸਦੀ ਕਾਰਜਪ੍ਰਣਾਲੀ ਆਦਿ) ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਮੇਂ-ਸਮੇਂ 'ਤੇ ਆਈ. ਏ. ਐੱਸ., ਆਈ. ਪੀ. ਐੱਸ., ਪੀ. ਸੀ. ਐੱਸ. ਅਧਿਕਾਰੀਆਂ ਦੇ ਨਾਲ-ਨਾਲ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਵੱਲੋਂ ਵੀ ਲੈਕਚਰ ਦਿੱਤੇ ਜਾਇਆ ਕਰਨਗੇ।
'ਇੰਨੀਸ਼ੀਏਟਰਜ਼ ਆਫ਼ ਚੇਂਜ' ਦੇ ਪ੍ਰਮੁੱਖ ਗੌਰਵਦੀਪ ਸਿੰਘ, ਸਮਰਿਧੀ ਸ਼ਰਮਾ ਅਤੇ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਪ੍ਰੋਗਰਾਮ ਦੇ ਅੰਤ ਵਿੱਚ ਇਨ੍ਹਾਂ ਕਰੀਬ 1000 ਵਿਦਿਆਰਥੀਆਂ ਵਿੱਚੋਂ 40-50 ਬੈੱਸਟ ਵਿਦਿਆਰਥੀਆਂ ਦੀ ਚੋਣ ਕੀਤੀ ਜਾਵੇਗੀ, ਜੋ ਕਿ 28 ਜੁਲਾਈ ਤੋਂ 30 ਜੁਲਾਈ ਤੱਕ ਲੁਧਿਆਣਾ ਵਿਖੇ ਹੋ ਰਹੀ 'ਡਾ. ਕਲਾਮ ਮਾਡਲ ਯੂਨਾਈਟਿਡ ਨੇਸ਼ਨਜ਼ ਨੈਸ਼ਨਲ ਲੈਵਲ ਯੂਥ ਪਾਰਲੀਮੈਂਟ' ਵਿੱਚ ਬਿਲਕੁਲ ਮੁਫ਼ਤ ਹਿੱਸਾ ਲੈਣਗੇ। ਇਸ ਪਾਰਲੀਮੈਂਟ ਵਿੱਚ ਪੂਰੇ ਦੇਸ਼ ਤੋਂ ਨੌਜਵਾਨ ਹਿੱਸਾ ਲੈਣ ਲਈ ਪਹੁੰਚ ਰਹੇ ਹਨ। ਇਹ ਪ੍ਰੋਗਰਾਮ 'ਨੈਸ਼ਨਲ ਲੈਵਲ ਯੂਥ ਪਾਰਲੀਮੈਂਟ' ਤੋਂ ਬਾਅਦ ਵੀ ਲਗਾਤਾਰ ਜਾਰੀ ਰਹੇਗਾ।
ਅੱਜ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਮੌਕੇ ਅਰਜੁਨ ਜੇਠੀ, ਹਰਮੋਹਿਤ ਸਿੰਘ, ਖੁਸ਼ੀ ਅਰੋੜਾ, ਤਨੂਸ਼ਾ ਅਰੋੜਾ, ਗੁਰਜੋਤ ਸਿੰਘ, ਵਿੰਦਿਆ ਸੂਦ, ਨਿਜ਼ਾ ਗੋਇਲ, ਰੀਤ ਸਿੰਘ ਅਤੇ ਹੋਰ ਨੌਜਵਾਨ ਵੀ ਹਾਜ਼ਰ ਸਨ।