ਲੁਧਿਆਣਾ, 02 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੀ ਜ਼ਿਲਾ ਕਮੇਟੀ ਦੀ ਮੀਟਿੰਗ ਕਾਮਰੇਡ ਪਾਲ ਸਿੰਘ ਭੱਮੀਪੁਰਾ ਦੀ ਪ੍ਰਧਾਨਗੀ ਹੇਠ ਪਾਰਟੀ ਦਫਤਰ ਹਰਨਾਮ ਨਗਰ ਵਿਖੇ ਹੋਈ। ਇਸ ਮੀਟਿੰਗ ਵਿਚ 7 ਜੁਲਾਈ ਨੂੰ ਸੂਬਾਈ ਕਨਵੈਨਸ਼ਨ ਜੋ ਕਿ ਕੁਲ ਹਿੰਦ ਖੇਤ ਮਜਦੂਰ ਯੂਨੀਅਨ ਅਤੇ ਖੇਤ ਮਜਦੂਰ ਸਭਾ ਪੰਜਾਬ ਵੱਲੋਂ ਹੋ ਰਹੀ ਹੈ, ਦੀ ਤਿਆਰੀ ਲਈ ਚਰਚਾ ਅਤੇ ਪ੍ਰੋਗਰਾਮ ਉਲੀਕਿਆ ਗਿਆ।
ਮੀਟਿੰਗ ਵਿਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਰਾਸ਼ਨ ਕਾਰਡ ਤੇ ਮਿਲ ਰਹੀਆਂ 14 ਵਸਤੂਆਂ ਦੇ ਸੰਬੰਧ ਵਿਚ ਵਿਚਾਰ ਕੀਤਾ ਜਾਵੇ, ਜੋ ਦੋ ਚੀਜਾਂ ਖੰਡ ਅਤੇ ਮਿੱਟੀ ਦਾ ਤੇਲ ਬੰਦ ਕੀਤਾ ਗਿਆ, ਉਹ ਦੁਬਾਰਾ ਬਹਾਲ ਕਰਕੇ 14 ਵਸਤੂਆਂ ਦੀ ਵੰਡ ਪ੍ਰਣਾਲੀ ਨੂੰ ਲਾਗੂ ਕੀਤਾ ਜਾਵੇ, ਪੰਜਾਬ ਦੇ ਸਾਰੇ ਪਿੰਡਾਂ ਵਿਚ ਮਨਰੇਗਾਂ ਦਾ ਕੰਮ ਚਾਲੂ ਕਰਵਾਇਆ ਜਾਵੇ। ਬੇਘਰ ਲੋਕਾਂ ਨੂੰ 10-10 ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਮਕਾਨ ਬਣਾਉਣ ਲਈ 3-3 ਲੱਖ ਦੀ ਗ੍ਰਾਂਟ ਵੀ ਦਿੱਤੀ ਜਾਵੇ, ਖੇਤ ਮਜਦੂਰਾਂ ਦੇ ਕਰਜੇ ਮੁਆਫ ਕੀਤੇ ਜਾਣ, ਖੁਦਕਸ਼ੀ ਦੇ ਮਾਮਲੇ ਵਿਚ ਖੇਤ ਮਜਦੂਰਾਂ ਨੂੰ ਵੀ 5-5 ਲੱਖ ਦੀ ਰਾਸ਼ੀ ਦਿੱਤੀ ਜਾਵੇ।
ਇਸ ਮੀਟਿੰਗ ਵਿਚ ਕਾਮਰੇਡ ਅਮਰਜੀਤ ਮੱਟੂ, ਬਲਵੀਰ ਸਿੰਘ, ਨਿਰਮਲ ਸਿੰਘ ਧਾਲੀਵਾਲ, ਕੇਵਲ ਸਿੰਘ, ਪਾਲ ਸਿੰਘ, ਅਵਤਾਰ ਸਿੰਘ ਸ਼ੇਰਪੁਰਾ, ਸੰਜੇ ਗੁਪਤਾ, ਜਸਵਿੰਦਰ ਸਿੰਘ ਸਮਰਾਲਾ, ਦਲਵਾਰਾ ਸਿੰਘ, ਹਰਵਿੰਦਰ ਸਿੰਘ ਦਾਖਾ, ਜਸਵਿੰਦਰ ਸਿੰਘ ਭੱਟੀਆ ਆਦਿ ਸ਼ਾਮਿਲ ਹੋਏ।