ਹੈਬੋਵਾਲ ਬਾਇਓਗੈਸ ਪਲਾਂਟ ਉੱਪਰ ਸੀ. ਐੱਨ. ਜੀ. ਦੀ ਫਿਲਿੰਗ ਦਾ ਟਰਾਇਲ ਸ਼ੁਰੂ ਕਰਵਾਉਂਦੇ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ |
ਲੁਧਿਆਣਾ, 01 ਜੁਲਾਈ 2017 (ਆਨਲਾਈਨ ਨਿਊਜ਼ ਲੁਧਿਆਣਾ): ਸਥਾਨਕ ਹੈਬੋਵਾਲ ਡੇਅਰੀ ਕੰਪਲੈਕਸ ਵਿਖੇ ਹਾਈ ਪਾਵਰ ਮੀਥੇਨ ਪਲਾਂਟ ਉੱਪਰ ਸੀ.ਐੱਨ. ਜੀ. ਦੀ ਫਿਲਿੰਗ ਸ਼ੁਰੂ ਕੀਤੀ ਜਾ ਰਹੀ ਹੈ। ਅੱਜ ਇਸ ਦੇ ਟਰਾਇਲ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਕਰਵਾਈ। ਇਸ ਤਰਾਂ ਇਹ ਭਾਰਤ ਦਾ ਪਹਿਲਾ ਬਾਇਓਗੈਸ ਪਲਾਂਟ ਬਣ ਗਿਆ ਹੈ, ਜਿਸ ਵਿੱਚ ਗੋਬਰ ਗੈਸ ਨੂੰ ਦੋ ਭਾਗਾਂ ਵਿੱਚ ਵੰਡ ਕੇ ਇੱਕ ਤੋਂ ਮੀਥੇਨ ਅਤੇ ਦੂਜੇ ਤੋਂ ਕਾਰਬਨ ਡਾਇਅਕਸਾਈਡ ਤਿਆਰ ਕੀਤੀ ਜਾਵੇਗੀ ਅਤੇ ਇਹ ਗੈਸ ਨਾਲ ਸਿਲੰਡਰ ਭਰ ਕੇ ਉਦਯੋਗਾਂ, ਰੈਸਟਰਾਂ ਅਤੇ ਰਸੋਈ ਵਿੱਚ ਇਸਤੇਮਾਲ ਕੀਤੀ ਜਾ ਸਕੇਗੀ।
ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਊਰਜਾ ਵਿਕਾਸ ਏਜੰਸੀ (PEDA) ਵੱਲੋਂ ਤਿਆਰ ਇਸ ਪਲਾਂਟ ਦੀ ਕੁਲ ਸਮਰੱਥਾ 235 ਟਨ ਤੱਕ ਗੋਬਰ (ਗੋਹਾ) ਫੀਡ ਕਰਨ ਵਾਸਤੇ ਉਪਲੱਬਧ ਹੈ ਅਤੇ ਇਸ ਵਿੱਚੋਂ ਨਿਕਲਣ ਵਾਲੀ ਕਾਰਬਨ ਡਾਇਆਕਸਾਈਡ (ਸੀ. ਓ. 2) ਗੈਸ ਕੋਲਡ ਡਰਿੰਕਸ ਦੇ ਪਲਾਂਟ ਵਿੱਚ ਇਸਤੇਮਾਲ ਕੀਤੀ ਜਾਵੇਗੀ। ਪਲਾਂਟ ਵਿੱਚੋਂ ਤਕਰੀਬਨ 4000 ਕਿਲੋਗ੍ਰਾਮ ਗੈਸ ਪੈਦਾ ਕੀਤੀ ਜਾ ਸਕਦੀ ਹੈ, ਜਿਸ ਨਾਲ 400 ਦੇ ਕਰੀਬ ਸਿਲੰਡਰ ਭਰੇ ਜਾ ਸਕਦੇ ਹਨ। ਇਸ ਪਲਾਂਟ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਪਲਾਂਟ ਹਰ ਪੱਖੋਂ ਸੁਰੱਖਿਅਤ ਹੈ ਅਤੇ ਇਸਦੀ ਤਕਨੀਕ ਬਿਲਕੁਲ ਨਵੀਂ ਹੈ।
PEDA ਦੇ ਜ਼ਿਲਾ ਮੈਨੇਜਰ ਅਨੁਪਮ ਨੰਦਾ ਨੇ ਦੱਸਿਆ ਕਿ ਇਹ ਪਲਾਂਟ ਤਕਰੀਬਨ ਪੂਰਾ ਹੋ ਚੁੱਕਾ ਹੈ ਅਤੇ ਅੱਜ ਤੋਂ ਇਸਦਾ ਫਿੰਲਿੰਗ ਟਰਾਇਲ ਸ਼ੁਰੂ ਕਰ ਦਿੱਤਾ ਗਿਆ ਹੈ, ਤਾਂ ਜੋ ਗੈਸ ਦੇ ਉਤਪਾਦਨ ਤੋਂ ਬਾਅਦ ਇਸ ਨੂੰ ਸਿਲੰਡਰਾਂ ਵਿੱਚ ਭਰਿਆ ਜਾ ਸਕੇ। ਪਲਾਂਟ ਤੋਂ ਬਣੀ ਗੈਸ ਮਾਰਕੀਟ ਵਿੱਚ ਖੁੱਲੇ ਤੌਰ 'ਤੇ ਵੇਚੀ ਜਾਵੇਗੀ। ਜਿਸ ਦੀ ਕੀਮਤ ਤਕਰੀਬਨ 42 ਤੋਂ 45 ਰੁਪਏ ਦੇ ਹਿਸਾਬ ਨਾਲ ਹੋਵੇਗੀ। ਇਹ ਪਲਾਂਟ ਵਾਤਾਵਰਨ ਪੱਖੋਂ ਬਹੁਤ ਹੀ ਸੁਚੱਜਾ ਬਣਿਆ ਹੈ ਅਤੇ ਆਸ ਪਾਸ ਦੀਆਂ ਡੇਅਰੀਆਂ ਤੋਂ ਨਿਕਲਣ ਵਾਲਾ ਗੋਬਰ ਇਸ ਪਲਾਂਟ ਵਿੱਚ ਫੀਡ ਕੀਤਾ ਜਾਵੇਗਾ। ਇਸ ਪਲਾਂਟ ਦੇ ਪੂਰੀ ਤਰਾਂ ਚੱਲਣ ਨਾਲ ਲੋਕਾਂ ਨੂੰ ਗੋਹਾ ਅਤੇ ਗੈਸ ਦੀ ਢੋਆ ਢੁਆਈ ਦਾ ਰੁਜ਼ਗਾਰ ਵੀ ਮਿਲੇਗਾ। ਲੋੜੀਂਦੀ ਗੈਸ ਪ੍ਰਾਪਤ ਕਰਨ ਲਈ ਪਲਾਂਟ ਵਿੱਚ ਗੋਬਰ ਦੀ ਫੀਡਿੰਗ ਸ਼ੁਰੂ ਹੋ ਚੁੱਕੀ ਹੈ।
ਪਲਾਂਟ ਨੂੰ ਚਲਾ ਰਹੀ ਵਿਜ ਇੰਜੀਨੀਅਰਿੰਗ ਐਂਡ ਕੰਸਲਟੈਂਟਸ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਪਲਾਂਟ ਇੰਚਾਰਜ ਗੌਰਵ ਅਤੇ ਨਿਪੁੰਨ ਨੇ ਦੱਸਿਆ ਕਿ ਪਲਾਂਟ ਵਿੱਚ ਤਕਰੀਬਨ 200 ਟਨ ਦੀ ਫੀਡਿੰਗ ਸ਼ੁਰੂ ਹੋ ਚੁੱਕੀ ਹੈ, ਜਿਸ ਨਾਲ ਲੋੜੀਂਦਾ ਪ੍ਰੈੈਸ਼ਰ ਤਿਆਰ ਕੀਤਾ ਜਾ ਰਿਹਾ ਹੈ, ਤਾਂ ਕਿ ਨਿਰਧਾਰਤ ਪ੍ਰੈੱਸ਼ਰ 'ਤੇ ਇਸ ਦਾ ਟਰਾਇਲ ਕੀਤਾ ਜਾ ਸਕੇ। ਇਹ ਟਰਾਇਲ ਕਰੀਬ 15 ਦਿਨ ਚੱਲੇਗਾ। ਉਸ ਤੋਂ ਬਾਅਦ ਇਸ ਦੀ ਸੇਲ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵ) ਸੁਰਭੀ ਮਲਿਕ ਅਤੇ ਹੋਰ ਵੀ ਹਾਜ਼ਰ ਸਨ।