ਲੁਧਿਆਣਾ, 18 ਜੂਨ 2017 (ਮਨੀਸ਼ਾ ਸ਼ਰਮਾਂ): ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਚੇਅਰਮੈਨ ਵੇਨੂੰ ਪ੍ਰਸ਼ਾਦ ਨਾਲ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਅਤੇ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਕ੍ਰਿਸ਼ਨ ਕੁਮਾਰ ਬਾਵਾ ਨੇ ਚੰਡੀਗੜ ਵਿਖੇ ਮੁਲਾਕਾਤ ਕੀਤੀ ਅਤੇ ਬਿਜਲੀ ਦੀ ਸਪਲਾਈ ਸਬੰਧੀ ਵਿਚਾਰਾਂ ਕੀਤੀਆਂ।
ਇਸ ਸਮੇਂ ਵੇਨੂੰ ਪ੍ਰਸ਼ਾਦ ਨੇ ਦੱਸਿਆ ਕਿ ਪੰਜਾਬ ਸਰਕਾਰ ਕੋਲ ਬਿਜਲੀ ਫਾਲਤੂ ਹੈ। ਉਹਨਾਂ ਦੱਸਿਆ ਕਿ ਰੋਜਾਨਾ 13,500 ਮੈਗਾਵਾਟ ਬਿਜਲੀ ਪੈਦਾ ਹੁੰਦੀ ਹੈ ਜਦਕਿ ਲਾਗਤ 8754 ਮੈਗਾਵਾਟ ਹੈ। ਉਹਨਾਂ ਬਿਜਲੀ ਦੀ ਕਦੇ ਕਦੇ ਸ਼ਹਿਰਾਂ ਵਿੱਚ ਸਪਲਾਈ ਬੰਦ ਹੋਣ ਸਬੰਧੀ ਦੱਸਿਆ ਕਿ ਇਹ ਤਦ ਹੁੰਦਾ ਹੈ ਜਦੋਂ ਮੌਸਮ ਖਰਾਬ ਹੋਵੇ ਜਾਂ ਕੋਈ ਟਰੱਕ ਟਰੈਕਟਰ ਬਿਜਲੀ ਦੇ ਖੰਭਿਆਂ ਨਾਲ ਟਕਰਾ ਜਾਵੇ। ਉਹਨਾਂ ਕਿਹਾ ਕਿ ਸਨਅਤਕਾਰ ਅਤੇ ਕਿਸਾਨਾਂ ਨੂੰ ਬਿਜਲੀ ਸਪਲਾਈ ਵਿੱਚ ਸਰਕਾਰ ਕੋਈ ਸਮੱਸਿਆ ਨਹੀ ਆਉਣ ਦੇਵੇਗੀ। ਉਹਨਾਂ ਇਸ ਸਮੇਂ ਵਹੀਕਲ ਚਲਾਉਣ ਵਾਲਿਆਂ ਤੋਂ ਸਹਿਯੋਗ ਦੀ ਵੀ ਮੰਗ ਕੀਤੀ।
ਉਹਨਾਂ ਕਿਹਾ ਕਿ ਸਪਲਾਈ ਸਿਸਟਮ ਵਿੱਚ ਕੁਝ ਸੁਧਾਰ ਕਰਨ ਦੀ ਵੀ ਲੋੜ ਹੈ ਜਿਸ ਲਈ ਮੁੱਖ ਮੰਤਰੀ ਜੀ ਦੇ ਉਦੇਸ਼ ਅਨੁਸਾਰ ਉਚਿੱਤ ਕਦਮ ਚੁੱਕੇ ਜਾ ਰਹੇ ਹਨ। ਉਹਨਾਂ ਕਿਹਾ ਕਿ 6 ਤੋਂ 10 ਵਜੇ ਤੱਕ ਪੀਕ ਲੋਡ ਹੁੰਦਾ ਹੈ। ਇਸ ਸਮੇਂ ਸਨਅਤਕਾਰ ਇੰਡਸਿਟੀ ਘੱਟ ਚਲਾਉਣ।