ਲੁਧਿਆਣਾ, 29 ਜੂਨ 2017 (ਆਨਲਾਈਨ ਨਿਊਜ਼ ਲੁਧਿਆਣਾ): ਆਗਾਮੀ ਮੌਨਸੂਨ ਸੀਜਨ ਨੂੰ ਧਿਆਨ ਵਿੱਚ ਰੱਖਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਡਰੇਨੇਜ਼ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਉਹ ਇੱਕ ਹਫ਼ਤੇ ਵਿੱਚ ਡਰੇਨਾਂ ਦੀ ਸਫਾਈ ਅਤੇ ਮੁਰੰਮਤ ਕਾਰਜ ਨੂੰ ਮੁਕੰਮਲ ਕਰ ਲੈਣ। ਸਮੁੱਚੇ ਕੰਮ ਦੀ ਨਿਗਰਾਨੀ ਐਸ. ਡੀ. ਐਮਜ਼ ਅਤੇ ਡਰੇਨੇਜ ਵਿਭਾਗ ਦੇ ਸੀਨੀਅਰ ਅਧਿਕਾਰੀ ਖੁਦ ਕਰਨਗੇ।
ਜ਼ਿਲਾ ਲੁਧਿਆਣਾ ਦੀਆਂ ਡਰੇਨਾਂ ਦੀ ਸਫਾਈ ਅਤੇ ਮੁਰੰਮਤ ਬਾਰੇ ਮੌਜੂਦਾ ਸਥਿਤੀ ਦਾ ਰਿਵਿਊ ਕਰਦਿਆਂ ਅਗਰਵਾਲ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਾਲ ਪਿਛਲੇ ਸਾਲਾਂ ਦੇ ਮੁਕਾਬਲੇ ਜਿਆਦਾ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਕਰਕੇ ਡਰੇਨਾਂ ਦੀ ਸਫਾਈ ਅਤੇ ਮੁਰੰਮਤ 'ਤੇ ਸਭ ਤੋਂ ਵਧੇਰੇ ਤਵੱਜੋਂ ਦੇਣ ਦੀ ਲੋੜ ਹੈ। ਡੈਮਾਂ ਵਿੱਚ ਪਾਣੀ ਦਾ ਪੱਧਰ ਵਧਣ 'ਤੇ ਜਦ ਇਹ ਪਾਣੀ ਵੱਖ-ਵੱਖ ਦਰਿਆਵਾਂ ਅਤੇ ਡਰੇਨਾਂ ਰਾਹੀਂ ਛੱਡਿਆ ਜਾਵੇਗਾ ਤਾਂ ਹੜ ਵਰਗੀ ਸਥਿਤੀ ਬਣ ਸਕਦੀ ਹੈ, ਜਿਸ ਲਈ ਜ਼ਰੂਰੀ ਹੈ ਕਿ ਸਫਾਈ ਅਤੇ ਮੁਰੰਮਤ ਕਾਰਜ ਜਲਦ ਮੁਕੰਮਲ ਕਰ ਲਏ ਜਾਣ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਰੁਪਿੰਦਰਪਾਲ ਸਿੰਘ ਭੱਠਲ, ਕਾਰਜਕਾਰੀ ਇੰਜੀਨੀਅਰ, ਡਰੇਨੇਜ ਵਿਭਾਗ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ ਪੈਂਦੀਆਂ ਵੱਖ-ਵੱਖ ਡਰੇਨਾਂ ਦੀ ਸਫਾਈ ਅਤੇ ਮੁਰੰਮਤ 'ਤੇ ਕਰੀਬ 1.48 ਕਰੋੜ ਰੁਪਏ ਖਰਚੇ ਜਾ ਰਹੇ ਹਨ। ਪੂਰੇ ਜ਼ਿਲੇ ਵਿੱਚ ਅੱਠ ਅਜਿਹੇ ਸਥਾਨ ਹਨ, ਜਿੱਥੇ ਮੀਂਹ ਦੇ ਪਾਣੀ ਦੇ ਰੁਕਣ ਦਾ ਖਦਸ਼ਾ ਸੀ, ਉਨਾਂ ਸਾਰੇ ਸਥਾਨਾਂ 'ਤੇ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਇਨਾਂ ਕੰਮਾਂ ਵਿੱਚ ਵੱਖ-ਵੱਖ ਥਾਵਾਂ (ਈਸਾਪੁਰ, ਖਹਿਰਾ ਬੇਟ, ਮਾਨੇਵਾਲਾ ਅਤੇ ਮਧੇਪੁਰ ਕੰਪਲੈਕਸ) 'ਤੇ ਸਟੱਡਾਂ ਦਾ ਨਿਰਮਾਣ ਤੇ ਮੁਰੰਮਤ ਸ਼ਾਮਿਲ ਹੈ।
ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਕੂੰਮ ਲਿੰਕ ਡਰੇਨ, ਰਾਏਪੁਰ ਲਿੰਕ ਡਰੇਨ, ਮੈਣੀ ਚਮਕੌਰ ਮਾਛੀਵਾੜਾ (ਅਪਰ) ਡਰੇਨ ਅਤੇ ਰਛੀਨ ਡਰੇਨ ਵਿੱਚੋਂ ਸਰਕੰਡਾ, ਘਾਹ ਫੂਸ, ਜਾਲ਼ਾ, ਬੂਟੀ, ਚਿੱਕੜ ਕੱਢਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਹੁਣ ਤੱਕ 60 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਰਹਿੰਦੇ ਸਾਰੇ ਕੰਮ ਇੱਕ ਹਫ਼ਤੇ ਵਿੱਚ ਮੁਕੰਮਲ ਕਰ ਲਏ ਜਾਣਗੇ। ਵਿਭਾਗ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੋਈ ਵੀ ਅਜਿਹਾ ਪੁਆਇੰਟ ਨਾ ਰਹੇ ਜਿਸ ਦੀ ਸਫਾਈ ਜਾਂ ਮੁਰੰਮਤ ਨਾ ਹੋਵੇ। ਇਨਾਂ ਸਾਰੇ ਕੰਮਾਂ ਦੀ ਐੱਸ. ਡੀ. ਓ. ਪੱਧਰ ਦੇ ਅਧਿਕਾਰੀ ਖੁਦ ਨਿਗਰਾਨੀ ਕਰ ਰਹੇ ਹਨ।