ਲੁਧਿਆਣਾ, 09 ਜੂਨ 2017 (ਮਨੀਸ਼ਾ ਸ਼ਰਮਾਂ): ਅੱਜ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 301 ਸਾਲਾ ਸ਼ਹੀਦੀ ਦਿਹਾੜੇ ਤੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵਲੋਂ ਰਕਬਾ ਵਿਖੇ ਛਬੀਲ ਅਤੇ ਲੰਗਰ ਲਗਾਏ ਗਏ। ਇਸ ਸਮੇਂ ਲੰਗਰ ਅਤੇ ਛਬੀਲ ਦੀ ਸ਼ੁਰੂਆਤ ਦੀ ਰਸਮ ਸਾਬਕਾ ਮੰਤਰੀ ਅਤੇ ਮੁੱਖ ਸਰਪ੍ਰਸਤ ਫਾਊਂਡੇਸ਼ਨ ਮਲਕੀਤ ਸਿੰਘ ਦਾਖਾ, ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਜਨਰਲ ਸਕੱਤਰ ਮਨਜੀਤ ਸਿੰਘ ਹੰਬੜਾਂ ਨੇ ਕੀਤੀ ਜਦਕਿ ਇਸ ਸਮੇਂ ਬਲਜਿੰਦਰ ਸਿੰਘ ਮਲਕਪੁਰ, ਬਲਵੰਤ ਸਿੰਘ ਧਨੋਆ ਅਤੇ ਨਿਰਮਲ ਸਿੰਘ ਪੰਡੋਰੀ ਵਿਸ਼ੇਸ਼ ਤੌਰ 'ਤੇ ਹਾਜਰ ਸਨ। ਇਸ ਸਮੇਂ ਬਲਵੀਰ ਸਿੰਘ ਦੇ ਢਾਡੀ ਜੱਥੇ ਨੇ ਬਾਬਾ ਜੀ ਅਤੇ ਭਾਈ ਘਨੱਈਆ ਜੀ ਦੇ ਜੀਵਨ 'ਤੇ ਵਾਰਾਂ ਗਾਈਆ।
ਇਸ ਮੌਕੇ ਬੋਲਦੇ ਦਾਖਾ ਅਤੇ ਬਾਵਾ ਨੇ ਕਿਹਾ ਕਿ ਅੱਜ ਅਸੀ ਉਸ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 301ਵਾਂ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ ਜਿਸ ਨੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ। ਮੁਗਲਾਂ ਦੇ 700 ਸਾਲਾਂ ਰਾਜ ਦਾ ਖਾਤਮਾ 2 ਸਾਲ ਅੰਦਰ ਕੀਤਾ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ 'ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ ਅਤੇ ਅੱਜ ਦੇ ਕਿਸਾਨਾਂ ਨੂੰ ਮੁਜਾਰਿਆਂ ਤੋਂ ਜਮੀਨਾਂ ਦੇ ਮਾਲਕ ਬਣਾਕੇ ਸਮਾਜਿਕ ਕ੍ਰਾਂਤੀ ਲਿਆਂਦੀ।
ਇਸ ਸਮੇਂ ਹੰਬੜਾਂ, ਮਲਕਪੁਰ ਅਤੇ ਧਨੋਆ ਨੇ ਕਿਹਾ ਕਿ ਬਾਬਾ ਜੀ ਦੀ ਸ਼ਹਾਦਤ ਲਾਮਿਸਾਲ ਹੈ। ਕਿਸ ਤਰਾਂ ਉਹਨਾਂ ਦੇ ਸਰੀਰ ਦਾ ਮਾਸ ਜਮੂਰਾਂ ਨਾਲ ਨੋਚਿਆ ਗਿਆ। ਇੱਕ ਇੱਕ ਕਰਕੇ ਅੱਖਾਂ ਕੱਢੀਆਂ ਗਈਆਂ। ਬਾਬਾ ਜੀ ਦੇ ਚਾਰ ਸਾਲਾ ਸਪੁੱਤਰ ਅਜੈ ਸਿੰਘ ਦਾ ਕਲੇਜਾ ਕੱਢਕੇ ਬਾਬਾ ਜੀ ਦੇ ਮੂੰਹ ਵਿਚ 9 ਜੂਨ 1716 ਨੂੰ ਦਿੱਲੀ ਮਹਿਰੋਲੀ ਵਿਖੇ ਤਰਪੋਲੀਆ ਗਰਾਂਊਂਡ (ਨੇੜੇ ਕੁਤਬਮੀਨਾਰ) ਤੁੰਨਿਆ ਗਿਆ ਅਤੇ 740 ਸਿੰਘਾਂ ਦੀ ਲਾਮਿਸਾਲ ਕੁਰਬਾਨੀ ਵੀ ਉਥੇ ਮਹਿਰੋਲੀ ਵਿਖੇ ਹੋਈ।
ਇਸ ਤੋਂ ਪਹਿਲਾਂ ਅੱਜ ਸਵੇਰੇ ਗੁਰਦੁਆਰਾ ਕਰਮਸਰ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ 'ਤੇ ਸਮਾਗਮ ਹੋਏ ਅਤੇ ਬਾਵਾ ਨੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕਰਮਜੀਤ ਸਿੰਘ ਗਿੱਲ ਨੂੰ ਬਾਬਾ ਜੀ ਦਾ ਚਿੱਤਰ ਅਤੇ ਸ਼ਾਲ ਭੇਂਟ ਕੀਤਾ।
ਇਸ ਸਮੇਂ ਨੰਬਰਦਾਰ ਜਸਪਾਲ ਸਿੰਘ ਗਿੱਲ, ਗੁਰਚਰਨ ਸਿੰਘ ਬਾਸੀਆ, ਪ੍ਰਦੀਪ ਪੁੜੈਣ ਪ੍ਰਬੰਧਕ ਸਕੱਤਰ ਆਦਿ ਸ਼ਾਮਲ ਸਨ। ਇਸ ਸਮੇਂ ਬਾਵਾ ਨੇ ਦੱਸਿਆ ਕਿ ਫਾਊਂਡੇਸ਼ਨ ਵੱਲੋਂ ਪੰਜਾਬ ਦੇ ਵਿੱਚ ਵੱਖ ਵੱਖ ਸਥਾਨਾਂ 'ਤੇ 100 ਦੇ ਕਰੀਬ ਛਬੀਲਾਂ ਲਗਾਈਆਂ ਗਈਆਂ।