ਵੱਖ-ਵੱਖ ਹਾਕੀ ਸੈਟਰਾਂ ਦੇ ਸਰਵੋਤਮ ਖਿਡਾਰੀਆਂ ਅਤੇ ਵਿਦਿਆਰਥੀਆਂ ਨੁੰ ਏਵਨ ਸਾਇਕਲਾਂ ਨਾਲ ਸਨਮਾਨਿਤ ਕਰਦੇ ਹੋਏ ਡਾ. ਐਚ.ਐਸ. ਚੀਮਾ, ਹਰਬਖਸ਼ ਸਿੰਘ ਗਰੇਵਾਲ, ਜਗਰੂਪ ਸਿੰਘ ਜਰਖੜ ਅਤੇ ਹੋਰ ਖੇਡ ਪ੍ਰਬੰਧਕ |
ਲੁਧਿਆਣਾ, 03 ਜੂਨ 2017 (ਨੀਲ ਕਮਲ ਸੋਨੂੰ): ਹਾਕੀ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਮਾਤਾ ਸਾਹਿਬ ਕੌਰ ਹਾਕੀ ਅਕਾਦਮੀ ਜਰਖੜ ਵੱਲੋਂ ਕਰਵਾਏ ਜਾ ਰਹੇ ਜਰਖੜ ਖੇਡਾਂ ਦੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਜੂਨੀਅਰ ਵਰਗ ਦੇ ਖੇਡੇ ਗਏ ਸੈਮੀਫਾਈਨਲ ਮੈਚਾਂ ਵਿੱਚ ਅੱਜ ਗਰੇਵਾਲ ਅਕਾਦਮੀ ਕਿਲਾ ਰਾਏਪੁਰ ਨੇ ਸੰਤ ਫ਼ੳਮਪ;ਤਹਿ ਸਿੰਘ ਅਕਾਦਮੀ ਢੋਲਨ ਨੂੰ 3-2 ਨਾਲ, ਜਰਖੜ ਅਕਾਦਮੀ ਨੇ ਘਵੱਦੀ ਕੋਚਿੰਗ ਸੈਂਟਰ ਨੂੰ 5-3 ਨਾਲ ਹਰਾ ਕੇ ਆਪਣੀ ਥਾਂ ਪੱਕੀ ਕੀਤੀ। ਫਾਈਨਲ ਮੁਕਾਬਲੇ ਭਲਕੇ 4 ਜੂਨ ਨੂੰ ਹੋਵੇਗਾ।
ਨਵ-ਵਿਆਹੀ ਦੁਲਹਨ ਵਾਂਗ ਸਜੇ ਫਲੱਡ ਲਾਈਟਾਂ ਦੀ ਰੌਸ਼ਨੀ ਵਿੱਚ ਜਰਖੜ ਸਟੇਡੀਅਮ ਵਿਖੇ ਖੇਡੇ ਗਏ ਜੂਨੀਅਰ ਹਾਕੀ ਦੇ ਦੋਹਾਂ ਮੈਚਾਂ ਵਿੱਚ ਰੋਮਾਂਚਿਕ ਅਤੇ ਸੰਘਰਸ਼ਪੂਰਨ ਹਾਕੀ ਵੇਖਣ ਨੂੰ ਮਿਲੀ। ਪਹਿਲੇ ਮੈਚ ਵਿੱਚ ਜਰਖੜ ਅਕਾਦਮੀ ਨੇ ਘਵੱਦੀ ਕੋਚਿੰਗ ਸੈਂਟਰ ਨੂੰ 5-3 ਨਾਲ ਹਰਾਇਆ। ਅੱਧੇ ਸਮੇਂ ਤੱਕ ਦੋਵੇਂ ਟੀਮਾਂ 2-2 ਤੇ ਬਰਾਬਰ ਸਨ। ਜਰਖੜ ਵੱਲੋਂ ਪ੍ਰਿੰਸਪਾਲ ਸਿੰਘ ਨੇ 2, ਗੁਰਿੰਦਰ ਸਿੰਘ, ਸੁਹੇਲ ਸ਼ਰਮਾ ਤੇ ਮਨਪ੍ਰੀਤ ਸਿੰਘ ਨੇ 1-1, ਜਦਕਿ ਘਵੱਦੀ ਵੱਲੋਂ ਕਰਨਵੀਰ ਸਿੰਘ, ਪ੍ਰਦੀਪ ਸਿੰਘ, ਸੁਖਪ੍ਰੀਤ ਸਿੰਘ ਨੇ 1-1 ਗੋਲ ਕੀਤਾ। ਦੂਜੇ ਮੈਚ ਵਿੱਚ ਗਰੇਵਾਲ ਅਕਾਦਮੀ ਕਿਲਾ ਰਾਏਪੁਰ ਨੇ ਸੰਤ ਫਤਹਿ ਸਿੰਘ ਅਕਾਦਮੀ ਢੋਲਨ ਨੂੰ ਕਾਫੀ ਪਸੀਨਾ ਬਹਾਉਣ ਤਂ ਬਾਅਦ 3-2 ਨਾਲ ਹਰਾਇਆ। ਜੇਤੂ ਟੀਮ ਵੱਲੋਂ ਰਣਬੀਰ ਸਿੰਘ ਨੇ 2, ਪਰਮਜੀਤ ਸਿੰਘ ਨੇ 1 ਗੋਲ ਕੀਤਾ ਜਦਕਿ ਢੋਲਨ ਵੱਲੋਂ ਜਗਦੀਪ ਸਿੰਘ ਅਤੇ ਗੁਰਸੇਵਕ ਸਿੰਘ ਨੇ 1-1 ਗੋਲ ਕੀਤਾ। ਜਰਖੜ ਅਕਾਦਮੀ ਦੇ ਗੁਰਿੰਦਰ ਸਿੰਘ ਅਤੇ ਕਿਲਾ ਰਾਏਪੁਰ ਦੇ ਰਣਵੀਰ ਸਿੰਘ ਨੂੰ ਮੈਨ ਆਫ ਦਾ ਮੈਚ ਆਵਰਡ ਦਿੱਤਾ ਗਿਆ।
ਜਰਖੜ ਹਾਕੀ ਅਕਾਦਮੀ ਨੇ ਸਬ-ਜੂਨੀਅਰ ਖਿਡਾਰੀਆਂ ਨੂੰ ਹਾਕੀ ਪ੍ਰਤੀ ਉਤਸ਼ਾਹਿਤ ਕਰਨ ਦੇ ਇਰਾਦਿਆਂ ਨਾਲ ਏਵਨ ਸਾਇਕਲ ਦੇ ਚੇਅਰਮੈਨ ਉਂਕਾਰ ਸਿੰਘ ਪਾਹਵਾ ਦੀ ਰਹਿਨੁਮਾਈ ਹੇਠ ਖੇਡਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਵਧੀਆ ਮੱਲਾਂ ਮਾਰਨ ਵਾਲੇ 18 ਖਿਡਾਰੀਆਂ ਨੂੰ ਏਵਨ ਸਾਇਕਲ ਦੇ ਕੇ ਸਨਮਾਨਿਤ ਕੀਤਾ ਗਿਆ। ਜਿੰਨ੍ਹਾਂ ਵਿੱਚ ਕਿਲਾ ਰਾਏਪੁਰ ਦੇ ਹੋਣਹਾਰ ਖਿਡਾਰੀ ਪਰਮਿੰਦਰਜੀਤ ਸਿੰਘ, ਸੁਖਵੰਤ ਸਿੰਘ, ਘਵੱਦੀ ਸਕੂਲ ਤੋਂ ਜਸ਼ਨਦੀਪ ਸਿੰਘ, ਗੁਰਪ੍ਰੀਤ ਸਿੰਘ ਗੁਰੀ, ਢੋਲਨ ਸਕੂਲ ਤੋਂ ਦਿਲਪੀਤ ਸਿੰਘ ਹੇਰਾਂ, ਗੁਰਸੇਵਕ ਸਿੰਘ, ਜਰਖੜ ਹਾਕੀ ਅਕਾਦਮੀ ਤੋਂ ਦਸਵੀਂ ਕਲਾਸ ਵਿੱਚ ਨੰਬਰ ਇੱਕ ਤੇ ਰਹਿਣ ਵਾਲੇ ਮੁਕੇਸ਼ ਕੁਮਾਰ, ਸੁਖਦੀਪ ਸਿੰਘ, ਰਾਮਪੁਰ ਸਕੂਲ ਦੇ ਵਿਕਾਸ ਅਤੇ ਬੌਬੀ, ਦਾਦ ਸਕੂਲ ਦੇ ਦਸਵੀਂ ਕਲਾਸ ਦੇ ਸਰਵੋਤਮ ਵਿਦਿਆਰਥੀ ਸੂਰਜ ਕੁਮਾਰ ਅਤੇ ਦਲਵੀਰ ਸਿੰਘ ਜਰਖੜ ਆਦਿ ਹੋਰ ਵਿਦਿਆਰਥੀਆਂ ਅਤੇ ਖਿਡਾਰੀਆਂ ਨੂੰ ਏਵਨ ਸਾਇਕਲਾਂ ਨਾਲ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਉਂਕਾਰ ਸਿੰਘ ਪਾਹਵਾ ਅਤੇ ਜਗਰੂਪ ਸਿੰਘ ਜਰਖੜ ਨੇ ਇਹਨਾਂ ਉੱਭਰਦੇ ਖਿਡਾਰੀਆਂ ਅਤੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਕਾਮਯਾਬੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਡਾ. ਐਚ.ਐਸ. ਚੀਮਾ ਐਮ.ਡੀ. ਸਤਲੁਜ ਸਕੂਲ਼ ਗੌਂਸਗੜ੍ਹ ਅਤੇ ਅਰਵਿੰਦਰ ਸਿੰਘ ਅਗਮ ਪ੍ਰਾਪਰਟੀਜ਼, ਹਰਬਖਸ਼ ਸਿੰਘ ਗਰੇਵਾਲ, ਪ੍ਰੋ. ਰਜਿੰਦਰ ਸਿੰਘ ਖਾਲਸਾ ਕਾਲਜ ਆਦਿ ਹੋਰ ਸਖਸ਼ੀਅਤਾਂ ਨੇ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰੀ। ਇਸ ਮੌਕੇ ਡਾ. ਚੀਮਾ ਅਤੇ ਅਰਵਿਮਦਰ ਸਿੰਘ ਨੇ ਜਰਖੜ ਅਕਾਦਮੀ ਨੂੰ ਗਿਆਰਾਂ-ਗਿਆਰਾਂ ਹਜ਼ਾਰ ਰੁਪਏ ਵਿੱਤੀ ਸਹਾਇਤਾ ਵਜੋਂ ਦਿੱਤੇ।
ਇਸ ਮੌਕੇ ਬਾਈ ਸੁਰਜੀਤ ਸਿੰਘ ਸਾਹਨੇਵਾਲ, ਤੇਜਿੰਦਰ ਸਿੰਘ ਜਰਖੜ, ਦਵਿੰਦਰ ਸਿੰਘ ਕਾਕਾ ਲੁਧਿਆਣਾ, ਸੰਦੀਪ ਸਿੰਘ ਪੰਧੇਰ, ਸ਼ਿੰਗਾਰਾ ਸਿੰਘ ਜਰਖੜ, ਸੋਹਣ ਸਿੰਘ ਸ਼ੰਕਰ, ਮਨਦੀਪ ਸਿੰਘ ਜਰਖੜ, ਹਰਬੰਸ ਸਿੰਘ ਗਿੱਲ, ਆਦਿ ਉੱਘੀਆਂ ਸਖਸ਼ੀਅਤਾਂ ਹਾਜ਼ਰ ਸਨ।ਕਲੱਬ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਅਤੇ ਅਸ਼ੋਕ ਕੁਮਾਰ ਪ੍ਰਾਸ਼ਰ ਪੱਪੀ ਨੇ ਦੱਸਿਆ ਕਿ ਜੁਨੀਅਰ ਅਤੇ ਸੀਨੀਅਰ ਵਰਗ ਦੇ ਫਾਈਨਲ ਮੁਕਾਬਲੇ ਭਲਕੇ 4 ਜੂਨ ਨੂੰ ਖੇਡੇ ਜਾਣਗੇ। ਇਸ ਮੌਕੇ 5 ਉੱਘੀਆਂ ਸਮਾਜ ਸੇਵੀ ਸਖਸ਼ੀਅਤਾਂ, ਜਿੰਨ੍ਹਾਂ ਵਿੱਚ ਹਾਕੀ ਇੰਡੀਆ ਦੇ ਹਾਈ ਪ੍ਰਫਾਰਮੈਂਸ ਮੈਨੇਜਰ ਪ੍ਰਮੋਦ ਬਟਲਾ, ਏਸ਼ੀਅਨ ਸਾਇਕਲਿੰਗ ਐਸੋਸ਼ੀਏਸ਼ਨ ਦੇ ਜਨਰਲ ਸਕੱਤਰ ਉਂਕਾਰ ਸਿੰਘ, ਜਸਪਾਲ ਸਿੰਘ ਹੇਰਾਂ, ਐਡਵੋਕੇਟ ਕੁਲਵੰਤ ਸੰਘ ਬੋਪਾਰਾਏ, ਕਰਤਾਰ ਸਿੰਘ ਸੈਂਬੀ ਸਹਾਇਕ ਖੇਡ ਨਿਰਦੇਸ਼ਕ ਨੂੰ ਵਿਸ਼ੇਸ਼ ਅਵਾਰਡਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਫਾਈਨਲ ਖੇਡ ਮੁਕਾਬਲਿਆਂ ਤੋਂ ਇਲਾਵਾ ਗਿੱਧਾ ਭੰਗੜਾ ਅਤੇ ਹੋਰ ਸੱਭਿਆਚਾਰਕ ਪ੍ਰੋਗਰਾਮ ਖਿੱਚ ਦਾ ਕੇਂਦਰ ਹੋਣਗੇ।