ਲੁਧਿਆਣਾ, 31 ਮਈ 2017 (ਨੀਲ ਕਮਲ ਸੋਨੂੰ): ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ/ਵਿਧਾਨ ਸਭਾ ਚੋਣ ਹਲਕਿਆਂ ਦੀ ਫੋਟੋ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਤੋਂ ਰਹਿ ਗਏ ਯੋਗ ਵੋਟਰਾਂ (ਵਿਸ਼ੇਸ਼ ਤੌਰ 'ਤੇ 18-21 ਸਾਲ ਦਰਮਿਆਨ) ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ। ਜਿਸ ਦੌਰਾਨ ਬਿਨੈਕਾਰ ਆਪਣੇ ਦਾਅਵੇ ਅਤੇ ਇਤਰਾਜਾਂ ਸਬੰਧੀ ਨਿਰਧਾਰਿਤ ਫਾਰਮ ਮਿਤੀ 1 ਜੁਲਾਈ, 2017 (ਸ਼ਨੀਵਾਰ) ਤੋਂ 31 ਜੁਲਾਈ, 2017 (ਸੋਮਵਾਰ) ਤੱਕ ਬੀ.ਐਲ.ਓਜ਼ ਦੁਆਰਾ ਡੋਰ ਟੂ ਡੋਰ ਸਰਵੇ ਦੌਰਾਨ ਫਾਰਮ ਨੰ: 6 ਪ੍ਰਾਪਤ ਕੀਤੇ ਜਾਣਗੇ। ਇਸ ਤੋਂ ਇਲਾਵਾ ਬਿਨੈਕਾਰ ਵੱਲੋਂ ਆਪਣੇ ਦਾਅਵੇ ਅਤੇ ਇਤਰਾਜ ਸਬੰਧੀ ਫਾਰਮ ਸਬੰਧਤ ਬੀ.ਐਲ.ਓ ਜਾਂ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਵਿਖੇ ਜਮਾਂ ਕਰਵਾਏ ਜਾ ਸਕਦੇ ਹਨ ਜਾਂ ਡਾਕ ਰਾਹੀਂ ਸਬੰਧਤ ਈ.ਆਰ.ਓ ਦੇ ਦਫ਼ਤਰ ਵਿਖੇ ਭੇਜ ਸਕਦੇ ਹਨ।
ਸੁਰਭੀ ਮਲਿਕ, ਵਧੀਕ ਜ਼ਿਲਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਲੁਧਿਆਣਾ ਨੇ ਦੱਸਿਆ ਕਿ ਮਿਤੀ 9 ਜੁਲਾਈ, 2017 (ਐਤਵਾਰ) ਅਤੇ ਮਿਤੀ 23 ਜੁਲਾਈ, 2017 (ਐਤਵਾਰ) ਨੂੰ ਵਿਸ਼ੇਸ਼ ਮੁਹਿੰਮ ਦੌਰਾਨ ਜ਼ਿਲੇ ਦੇ ਸਮੂਹ ਪੋਲਿੰਗ ਸਟੇਸ਼ਨਾਂ ਉਪਰ ਬੀ.ਐਲ.ਓਜ਼ ਵੱਲੋਂ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਉਹ ਵਿਅਕਤੀ ਜਿਨਾਂ ਦੀ ਉਮਰ ਮਿਤੀ 01 ਜਨਵਰੀ 2017 ਨੂੰ 18 ਸਾਲ ਜਾਂ ਇਸ ਤੋਂ ਵੱਧ ਹੋ ਚੁੱਕੀ ਹੈ, ਉਹ ਆਪਣਾ ਨਾਮ ਵੋਟਰ ਸੂਚੀ ਵਿੱਚ ਦਰਜ ਕਰਵਾਉਣ ਲਈ ਨਿਰਧਾਰਤ ਫਾਰਮ ਵਿੱਚ ਦਾਅਵਾ ਪੇਸ਼ ਕਰ ਸਕਦੇ ਹਨ। ਅਜਿਹੇ ਦਾਅਵੇ ਅਤੇ ਇਤਰਾਜ ਦਾਖਲ ਕਰਨ ਲਈ ਲੋੜੀਂਦੇ ਫਾਰਮ ਸਮੂਹ ਪੋਲਿੰਗ ਸਟੇਸ਼ਨਾਂ ਅਤੇ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ/ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਦੇ ਦਫ਼ਤਰਾਂ ਵਿਖੇ ਵੋਟਰਾਂ ਦੀ ਸਹੂਲਤ ਲਈ ਮੁਫਤ ਉਪਲਬਧ ਕਰਵਾਏ ਗਏ ਹਨ ਅਤੇ ਫਾਰਮ ਭਰਨ ਵਿੱਚ ਸਹਾਇਤਾ ਕਰਨ ਲਈ ਵੀ ਬੂਥ ਲੈਵਲ ਅਫ਼ਸਰਾਂ (ਬੀ.ਐਲ.ਓਜ਼) ਦੁਆਰਾ ਮਦਦ ਕੀਤੀ ਜਾਵੇਗੀ।
ਵੋਟਰ ਸੂਚੀ ਵਿੱਚ ਨਾਮ ਸ਼ਾਮਲ ਕਰਨ ਲਈ ਬਿਨੈ-ਪੱਤਰ ਫਾਰਮ 6 ਵਿੱਚ, ਵੋਟਰ ਸੂਚੀ ਵਿੱਚ ਨਾਮ ਤੇ ਇਤਰਾਜ ਜਾਂ ਪਹਿਲਾਂ ਤੋਂ ਦਰਜ ਇੰਦਰਾਜ ਦੀ ਕਟੌਤੀ ਲਈ ਫਾਰਮ 7, ਵੋਟਰ ਸੂਚੀ ਵਿੱਚ ਦਰਜ ਇੰਦਰਾਜਾਂ ਦੀ ਦਰੁਸਤੀ ਲਈ ਫਾਰਮ 8 ਅਤੇ ਵਿਧਾਨ ਸਭਾ ਚੋਣ ਹਲਕੇ ਅੰਦਰ ਇੰਦਰਾਜਾਂ ਦੀ ਅਦਲਾ-ਬਦਲੀ ਲਈ ਫਾਰਮ 8ਏ ਭਰਿਆ ਜਾ ਸਕਦਾ ਹੈ। ਫਾਰਮ ਭਾਰਤ ਚੋਣ ਕਮਿਸ਼ਨ ਦੁਆਰਾ ਜਾਰੀ ਨੈਸ਼ਨਲ ਵੋਟਰ ਸਰਵਿਸਜ਼ ਪੋਰਟਲ (www.nvsp.in) ਤੇ ਆਨਲਾਈਨ ਵੀ ਭਰੇ ਜਾ ਸਕਦੇ ਹਨ। ਇਸ ਤੋਂ ਇਲਾਵਾ ਭਾਰਤ ਚੋਣ ਕਮਿਸ਼ਨ ਵੱਲੋਂ ਇੱਕ ਮੋਬਾਈਲ ਐਪਲੀਕੇਸ਼ਨ ਜਾਰੀ ਕੀਤੀ ਜਾ ਰਹੀ ਹੈ, ਜਿਸ ਰਾਹੀਂ ਬਿਨੈਕਾਰ ਆਪਣੇ ਮੋਬਾਈਲ ਵਿੱਚ ਐਪ ਇੰਸਟਾਲ ਕਰਨ ਉਪਰੰਤ ਆਪਣੇ ਮੋਬਾਈਲ ਤੋਂ ਵੀ ਆਪਣਾ ਫਾਰਮ ਭਰ ਸਕਣਗੇ ਜੋ ਕਿ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਦੇ ਡੈਟਾ ਐਂਟਰੀ ਸਾਫਟਵੇਅਰ 5RON5“ ਨਾਲ ਲਿੰਕ ਹੋਵੇਗਾ।
ਵੋਟਰ ਸੂਚੀ ਮੁੱਖ ਚੋਣ ਅਫ਼ਸਰ, ਪੰਜਾਬ ਦੀ ਦਫ਼ਤਰੀ ਵੈਬਸਾਈਟ www.ceopunjab.nic.in 'ਤੇ ਆਨ-ਲਾਈਨ ਦੇਖੀ ਜਾ ਸਕਦੀ ਹੈ। ਵੈਬਸਾਈਟ 'ਤੇ ਕੋਈ ਵੀ ਵਿਅਕਤੀ ਆਪਣੇ ਚੋਣ ਖੇਤਰ, ਪੋਲਿੰਗ ਸਟੇਸ਼ਨ ਅਤੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ, ਬੂਥ ਲੈਵਲ ਅਫ਼ਸਰ ਦੇ ਵੇਰਵੇ ਵੀ ਪਤਾ ਕਰ ਸਕਦਾ ਹੈ। ਸ੍ਰੀਮਤੀ ਮਲਿਕ ਨੇ ਆਮ ਜਨਤਾ, ਵਿਸ਼ੇਸ਼ ਤੌਰ 'ਤੇ ਨੌਜਵਾਨਾਂ, ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਦਾ ਵੱਧ ਤੋਂ ਵੱਧ ਤੋਂ ਲਾਭ ਲਿਆ ਜਾਵੇ ਤਾਂ ਜੋ ਹਰ ਬਾਲਗ ਵਿਅਕਤੀ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਭਾਰਤੀ ਲੋਕਤੰਤਰ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਸਕੇ।